ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ ਸੁਸਾਇਟੀ ਦੇ ਚੇਅਰਮੈਨ ਖ਼ਿਲਾਫ਼ੀ ਸੋਸ਼ਲ ਮੀਡੀਆ ਉੱਤੇ ਬਦਸਲੂਕੀ ਕਰਨ ਦਾ ਦੋਸ਼ ਹੈ। ਪਾਇਲ ਰੋਹਤਗੀ ਨੇ ਬਾਅਦ ਵਿਚ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਪਾਇਲ ‘ਤੇ ਸੁਸਾਇਟੀ ਦੇ ਲੋਕਾਂ ਨਾਲ ਵਾਰ-ਵਾਰ ਝਗੜਾ ਕਰਨ, ਚੇਅਰਮੈਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਹੈ।ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। 20 ਜੂਨ ਨੂੰ ਹੋਈ ਸੁਸਾਇਟੀ ਦੀ ਏ. ਜੀ. ਐੱਮ. ਦੀ ਬੈਠਕ ਵਿਚ ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿੰਗ ਵਿਚ ਆਈ, ਜਦੋਂ ਉਸ ਨੂੰ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਉਹ ਸੁਸਾਇਟੀ ਵਿਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੀ ਹੈ।
ਇਸ ਤੋਂ ਪਹਿਲਾਂ ਵੀ ਪਾਇਲ ਨੂੰ ਇਕ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਸ ਨੇ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪਾਇਲ ਨੂੰ ਰਾਜਸਥਾਨ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ।
ਦਸ ਦੇਈਏ ਕਿ ਪਾਇਲ ਰੋਹਤਗੀ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਆਪਣੇ ਟਵੀਟ ਕਰਕੇ ਬਹੁਤ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਨ੍ਹਾਂ ਨੂੰ ਟਰੋਲਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਗੌਰਤਲਬ ਹੈ ਕਿ ਪਾਇਲ ਦੁਆਰਾ 21 ਸਤੰਬਰ 2019 ਨੂੰ ਵੀਡੀਓ ਅਤੇ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਸੀ। ਇਸ ਵੀਡੀਓ ਵਿਚ ਸਾਬਕਾ ਸੁਤੰਤਰਤਾ ਸੈਨਾਨੀ ਮੋਤੀ ਲਾਲ ਨਹਿਰੂ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਸਮਾਜ ਸੇਵਕ ਅਤੇ ਯੂਥ ਕਾਂਗਰਸ ਦੇ ਨੇਤਾ ਚਰਮੇਸ਼ ਸ਼ਰਮਾ ਨੇ ਪਾਇਲ ਰੋਹਤਗੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।