ਦੁਨੀਆਂ ਭਰ ‘ਚ ਕੁਦਰਤੀ ਆਫਤਾਂ ਨੇ ਕਹਿਰ ਮਚਾ ਕੇ ਰੱਖ ਦਿੱਤਾ ਹੈ।ਕਿਤੇ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਤੇ ਕਿਤੇ ਭਾਰੀ ਮੀਂਹ ਪੈਣ ਕਾਰਨ ਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਮੱਚੀ ਹੋਈ ਹੈ। ਅਜਿਹਾ ਹੀ ਕੁੱਝ ਹੋਇਆ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਪੱਛਮ ’ਚ ਸਥਿਤ ਅਟਾਮੀ ’ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ ਕਈ ਘਰ ਵਹਿ ਗਏ। ਇਸ ਨਾਲ ਖੇਤਰ ’ਚ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੱਧ ਜਾਪਾਨ ਦੇ ਸ਼ਿਜ਼ੁਓਕਾ ਪ੍ਰਾਂਤ ’ਚ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਅਟਾਮੀ ਸ਼ਹਿਰ ’ਚ ਸ਼ਨੀਵਾਰ ਸਵੇਰੇ ਜ਼ਮੀਨ ਖਿਸਕ ਗਈ। ਇਸ ਦੌਰਾਨ ਘੱਟ ਤੋਂ ਘੱਟ 19 ਲੋਕ ਲਾਪਤਾ ਹੋ ਗਏ। ਬਚਾਅ ਕਰਮਚਾਰੀ ਉਨ੍ਹਾਂ ਦੀ ਤਲਾਸ਼ ਕਰ ਰਹੇ ਹਨ। ਇਸ ਹਫ਼ਤੇ ਦੀ ਸ਼ੁਰੂਆਤ ਤੋਂ ਪੂਰੇ ਜਾਪਾਨ ’ਚ ਭਾਰੀ ਬਾਰਿਸ਼ ਹੋ ਰਹੀ ਹੈ।
ਇਥੋਂ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਤਾਕਾਮਿਚੀ ਸੁਗਿਯਾਮਾ ਨੇ ਕਿਹਾ ਕਿ ਇਜ਼ੁਸਾਨ ਨਾਮਕ ਖੇਤਰ ’ਚ ਜ਼ਮੀਨ-ਖਿਸਕੀ ਹੈ। ਉਨ੍ਹਾਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਇਲਾਕੇ ’ਚੋਂ ਕੱਢ ਕੇ ਸੁਰੱਖਿਅਤ ਥਾਂ ਪਹੁੰਚਾ ਦਿੱਤਾ ਗਿਆ ਹੈ, ਪਰ ਇਸ ਬਾਰੇ ਤਤਕਾਲ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਇਸ ਹਫ਼ਤੇ ਦੀ ਸ਼ੁਰੂਆਤ ਤੋਂ ਪੂਰੇ ਜਾਪਾਨ ’ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਮੱਧ ਪ੍ਰਦੇਸ਼ ਅਤੇ ਟੋਕੀਓ ਖੇਤਰ ’ਚ ਨਦੀਆਂ ਊਫ਼ਾਨ ’ਤੇ ਹਨ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ।