ਟੀ-20 ਵਿਸ਼ਵ ਕੱਪ ਵਿੱਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਇਸ ਮੈਚ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਜਿੱਤ ਹਾਸਿਲ ਕੀਤੀ ।
ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 152 ਦੌੜਾਂ ਦਾ ਟੀਚਾ ਦਿੱਤਾ। ਜਿਸਨੂੰ ਪਾਕਿਸਤਾਨ ਦੀ ਟੀਮ ਨੇ ਬਿਨ੍ਹਾਂ ਕੋਈ ਵਿਕਟ ਗਵਾਏ ਆਸਾਨੀ ਨਾਲ ਹਾਸਿਲ ਕਰ ਲਿਆ। ਇਹ ਮੈਚ ਹਾਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਪਤਾਨ ਵਿਰਾਟ ਕੋਹਲੀ ਪਾਕਿਸਤਾਨੀ ਪੱਤਰਕਾਰ ‘ਤੇ ਭੜਕ ਗਏ।
ਦਰਅਸਲ, ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਜਦੋਂ ਕੋਹਲੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ ਤਾਂ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ‘ਤੇ ਭੜਕ ਗਏ। ਮੀਡੀਆ ਵੱਲੋਂ ਰੋਹਿਤ ਸ਼ਰਮਾ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਸਨ। ਇਸੇ ਵਿਚਾਲੇ ਉਸਨੇ ਰੋਹਿਤ ਸ਼ਰਮਾ ਤੇ ਈਸ਼ਾਨ ਨੂੰ ਲੈ ਕੇ ਇੱਕ ਉਲਟਾ ਸਵਾਲ ਕਰ ਦਿੱਤਾ। ਪੱਤਰਕਾਰ ਨੇ ਸਵਾਲ ਪੁੱਛਦਿਆਂ ਕਿਹਾ ਕਿ ਈਸ਼ਾਨ ਨੇ ਅਭਿਆਸ ਮੈਚ ਵਿੱਚ ਬਹੁਤ ਵਧੀਆ ਖੇਡ ਦਿਖਾਈ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਕੁਝ ਚੀਜ਼ਾਂ ਵਿੱਚ ਰੋਹਿਤ ਸ਼ਰਮਾ ਤੋਂ ਬਿਹਤਰ ਹੈ ।
ਜਿਸ ਤੋਂ ਬਾਅਦ ਵਿਰਾਟ ਬਹੁਤ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਕਿਹਾ, “ਇਹ ਬਹੁਤ ਹੀ ਵਧੀਆ ਸਵਾਲ ਹੈ। ਕੀ ਤੁਸੀ ਸੱਚਮੁੱਚ ਚਾਹੁੰਦੇ ਹੋ ਕਿ ਮੈਂ ਰੋਹਿਤ ਸ਼ਰਮਾ ਨੂੰ ਟੀ-20 ਟੀਮ ਵਿੱਚੋਂ ਬਾਹਰ ਕਰ ਦਵਾਂ। ਜੇਕਰ ਤੁਸੀ ਕੰਟ੍ਰੋਵਰਸੀ ਚਾਹੁੰਦੇ ਹੋ ਤਾਂ ਤੁਸੀ ਮੈਨੂੰ ਦੱਸ ਸਕਦੇ ਹੋ। ਮੈਂ ਉਸੇ ਅਨੁਸਾਰ ਟੀਮ ਉਤਾਰ ਦਿਆਂਗਾ।
ਇਸ ਤੋਂ ਇਲਾਵਾ ਇੱਕ ਹੋਰ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਅਸਲੀਅਤ ਕੀ ਹੈ ਅਤੇ ਲੋਕ ਬਾਹਰ ਕੀ ਸੋਚਦੇ ਹਨ। ਮੈਂ ਚਾਹੁੰਦਾ ਸੀ ਕਿ ਉਹ ਲੋਕ ਇੱਕ ਕਿੱਟ ਲੈ ਕੇ ਮੈਦਾਨ ਵਿੱਚ ਆਉਣ ਅਤੇ ਦੇਖਣ ਕਿ ਦਬਾਅ ਕਿਵੇਂ ਹੁੰਦਾ ਹੈ। ਇਹ ਮੰਨਣ ਵਿੱਚ ਸ਼ਰਮ ਦੀ ਗੱਲ ਹੈ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲੋਂ ਬਿਹਤਰ ਖੇਡ ਖੇਡੀ। ਉਨ੍ਹਾਂ ਨੇ ਸਾਨੂੰ ਵਾਪਸ ਆਉਣ ਦਾ ਸਮਾਂ ਨਹੀਂ ਦਿੱਤਾ ਅਤੇ ਦਬਾਅ ਬਣਾਈ ਰੱਖਿਆ।