ਕੈਨੇਡਾ ਦੇ ਪ੍ਰਸ਼ਾਂਤ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ’ਚ ਆਏ ਭਾਰੀ ਹੜ੍ਹਾਂ ਕਾਰਨ ਐਬਟਸਫੋਰਡ ਨੇੜੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਸੂਮਸ ਹਨਟਿੰਗਟਨ ਚੈਕ ਪੋਸਟ ਦਾ ਲਾਂਘਾ ਬੰਦ ਕਰਨਾ ਪਿਆ। ਇਹ ਲਾਂਘਾ ਬੀਤੀ 8 ਨਵੰਬਰ ਨੂੰ ਤਕਰੀਬਨ ਡੇਢ ਸਾਲ ਬਾਅਦ ਖੁੱਲਿ੍ਆ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਸ਼ਿੰਗਟਨ ‘ਚ ਕਿਹਾ,”ਬ੍ਰਿਟਿਸ਼ ਕੋਲੰਬੀਆ ‘ਚ ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆਇਆ ਹੈ ਅਤੇ ਕਈ ਲੋਕ ਮਾਰੇ ਗਏ ਹਨ। ਅਸੀਂ ਉੱਥੇ ਕੈਨੇਡੀਅਨ ਆਰਮਡ ਫੋਰਸਿਜ਼ ਸਮੇਤ ਕਈ ਤਰ੍ਹਾਂ ਦੀ ਸਹਾਇਤਾ ਭੇਜ ਰਹੇ ਹਾਂ, ਨਾਲ ਹੀ ਅਸੀਂ ਖਰਾਬ ਮੌਸਮ ਕਾਰਨ ਹੋਣ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਮੁੜ ਨਿਰਮਾਣ ਲਈ ਤਿਆਰ ਰਹਾਂਗੇ।”
ਬਿ੍ਟਿਸ਼ ਕੋਲੰਬੀਆ ‘ਚ ਆਏ ਹੜ੍ਹ ਅਤੇ ਤੇਜ਼ ਤੂਫ਼ਾਨ ਕਾਰਨ ਵਿਗੜੇ ਹਾਲਾਤ ਦੇ ਮੱਦੇਨਜ਼ਰ ਪ੍ਰੋਵਿੰਸ ਵੱਲੋਂ ਬੁੱਧਵਾਰ ਦੁਪਹਿਰ ਨੂੰ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਢਿੱਗਾਂ ਡਿੱਗਣ, ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਹਾਈਵੇਅਜ਼ ਬੰਦ ਹੋ ਗਏ ਤੇ ਲੋਅਰ ਮੇਨਲੈਂਡ ਬਾਕੀ ਦੇ ਪ੍ਰੋਵਿੰਸ ਨਾਲੋਂ ਕੱਟਿਆ ਗਿਆ। ਇਸ ਤੋਂ ਬਾਅਦ ਤੋਂ ਹੀ ਅਗਾਸੀਜ਼ ਦੇ ਪੱਛਮ ਵੱਲ ਲੌਹੀਡ ਹਾਈਵੇਅ (ਹਾਈਵੇਅ 7) ਨੂੰ ਜ਼ਰੂਰੀ ਟਰੈਵਲ ਲਈ ਤੇ ਰਿਚਮੰਡ ਵਿੱਚ ਹਾਈਵੇਅ 99 ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ।
ਟਰਾਂਸਪੋਰਟੇਸ਼ਨ ਮੰਤਰੀ ਰੌਬ ਫਲੇਮਿੰਗ ਨੇ ਆਖਿਆ ਕਿ ਇਹ ਉਨ੍ਹਾਂ ਲੋਕਾਂ ਲਈ ਖੋਲ੍ਹਿਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਪਸ਼ੂਆਂ ਨੂੰ, ਆਪਣੇ ਹੋਰ ਜ਼ਰੂਰੀ ਸਾਜ਼ੋ ਸਮਾਨ ਨੂੰ ਲਿਜਾਣਾ ਹੈ।