ਅਮਰੀਕਾ-ਕੈਨੇਡਾ ਬਾਰਡਰ (US-Canada border) ‘ਤੇ ਬਰਫ ਵਿਚ ਜਮ ਕੇ ਜਾਨ ਗਵਾਉਣ ਵਾਲੇ 4 ਭਾਰਤੀ ਨਾਗਰਿਕਾਂ (4 Indian nationals) ਦੀ ਪਛਾਣ ਹੋ ਗਈ ਹੈ। ਕੈਨੇਡਾ ਬਾਰਡਰ ਪੁਲਿਸ (Canada Border Police) ਮੁਤਾਬਕ ਚਾਰੋ ਇਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਸਾਰਿਆਂ ਦੀ ਮੌਤ ਬਰਫ ਵਿਚ ਜੰਮਣ ਕਾਰਣ ਹੋਈ। ਪੁਲਿਸ ਇਸ ਮਾਮਲੇ ਨੂੰ ਮਨੁੱਖੀ ਤਸਕਰੀ (Human trafficking) ਦੇ ਕੇਸ ਨਾਲ ਵੀ ਜੋੜ ਕੇ ਦੇਖ ਰਹੀ ਹੈ। ਕੈਨੇਡਾ ਪੁਲਿਸ (Canada Police) ਮੁਤਾਬਕ ਮਰਨ ਵਾਲਿਆਂ ਦੇ ਨਾਂ ਜਗਦੀਸ਼ ਬਲਦੇਵ ਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37) ਵਿਹਾਂਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਧਾਰਮਿਕ ਜਗਦੀਸ਼ ਕੁਮਾਰ ਪਟੇਲ (3) ਹੈ। ਇਹ ਪਰਿਵਾਰ ਗੁਜਰਾਤ ਦੇ ਗਾਂਧੀਨਗਰ ਜ਼ਿਲੇ ਵਿਚ ਦਿੰਗੁਚਾ ਪਿੰਡ ਦਾ ਰਹਿਣ ਵਾਲਾ ਸੀ।
ਕੈਨੇਡਾ ਦੀ ਰਾਇਲ ਪੁਲਿਸ ਨੇ ਅਮਰੀਕਾ-ਕੈਨੇਡਾ ਬਾਰਡਰ ਤੋਂ ਗੁਜਰਾਤੀ ਪਰਿਵਾਰ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਪੁਲਿਸ ਮੁਤਾਬਕ ਪਰਿਵਾਰ ਕੁਝ ਸਮਾਂ ਪਹਿਲਾਂ ਕੈਨੇਡਾ ਆਇਆ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਪਰਿਵਾਰ ਅਮਰੀਕਾ-ਕੈਨੇਡਾ ਬਾਰਡਰ ‘ਤੇ ਕਿਵੇਂ ਪਹੁੰਚਿਆ। ਟੋਰਾਂਟੋ ਵਿਚ ਸਥਿਤ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰ ਦੇ ਸੰਪਰਕ ਵਿਚ ਹਨ। ਸਫਾਰਤਖਾਨੇ ਦੇ ਅਧਿਕਾਰੀਆਂ ਮੁਤਾਬਕ ਇਸ ਘਟਨਾ ਦੀ ਜਾਂਚ ਨਾਲ ਜੁੜੇ ਸਾਰੇ ਪਹਿਲੁਆਂ ‘ਤੇ ਕੈਨੇਡਾ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਕੈਨੇਡਾ ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਤੋਂ ਸਾਫ ਹੋਇਆ ਹੈ ਕਿ ਬਰਫ ਵਿਚ ਜਮ ਜਾਣ ਕਾਰਣ ਸਾਰਿਆਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪਟੇਲ ਪਰਿਵਾਰ 12 ਜਨਵਰੀ ਨੂੰ ਟੋਰਾਂਟੋ ਪਹੁੰਚਿਆ ਸੀ। ਇਸ ਤੋਂ ਬਾਅਦ ਸਾਰੇ ਮੈਂਬਰ 18 ਜਨਵਰੀ ਦੇ ਆਸ-ਪਾਸ ਕੈਨੇਡਾ ਦੇ ਇਮਸਰਨ ਸ਼ਹਿਰ ਪਹੁੰਚੇ ਸਨ। ਪੁਲਿਸ ਨੂੰ ਘਟਨਾ ਵਾਲੀ ਥਾਂ ‘ਤੇ ਕੋਈ ਗੱਡੀ ਨਹੀਂ ਮਿਲੀ। ਇਸ ਲਈ ਪੁਲਿਸ ਅੰਦਾਜ਼ਾ ਲਗਾ ਰਹੀ ਹੈ ਕਿ ਪਰਿਵਾਰ ਨੂੰ ਈਮਸਰਨ ਵਿਚ ਛੱਡਣ ਤੋਂ ਬਾਅਦ ਡਰਾਈਵਰ ਗੱਡੀ ਲੈ ਕੇ ਉਥੋਂ ਚਲਾ ਗਿਆ ਹੋਵੇਗਾ। ਪੁਲਿਸ ਉਸ ਡਰਾਈਵਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰੀਹ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕੈਨੇਡਾ ਆਉਣ ਤੋਂ ਬਾਅਦ ਪਟੇਲ ਪਰਿਵਾਰ ਨੇ ਕਿਸੇ ਨਾਲ ਮੁਲਾਕਾਤ ਕੀਤੀ ਸੀ।
ਕੈਨੇਡਾ ਪੁਲਿਸ ਦੇ ਘਟਨਾ ਨੂੰ ਮਨੁੱਖੀ ਤਸਕਰੀ ਦੇ ਐਂਗਲ ਨਾਲ ਜੋੜ ਕੇ ਦੇਖਣ ਪਿੱਛੇ ਵੀ ਕਈ ਕਾਰਣ ਹਨ। ਪੁਲਿਸ ਨੂੰ ਇਸ ਗੱਲ ਦਾ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਪਿਛਲੇ ਹਫਤੇ ਹੀ ਅਮਰੀਕਾ ਦੇ ਮਿਨੇਸੋਟਾ ਜ਼ਿਲੇ ਵਿਚ 47 ਸਾਲਾ ਅਮਰੀਕੀ ਨਾਗਰਿਕ ਸਟੀਵ ਸ਼ੈਂਡ ਵਿਰੁੱਧ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕੀ ਪੁਲੁਸ ਨੇ ਸ਼ੈਂਡ ਨੂੰ 2 ਭਾਰਤੀ ਨਾਗਰਿਕਾਂ ਦੇ ਫੜੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਦੋਵੇਂ ਨਾਗਰਿਕ ਅਮਰੀਕਾ ਵਿਚ ਨਾਜਾਇਜ਼ ਤੌਰ ‘ਤੇ ਰਹਿ ਰਹੇ ਸਨ।