ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 11ਵੇਂ ਦਿਨ ਵੀ ਜਾਰੀ ਹੈ। ਰੂਸ ਨੂੰ ਰੋਕਣ ਲਈ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨੇ ਆਰਥਿਕ ਪਾਬੰਦੀਆਂ ਲਗਾ ਕੇ ਉਸ ਦੀ ਆਰਥਿਕਤਾ ਦੀ ਕਮਰ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਵਿਚਾਲੇ ਹੁਣ ਵੀਜ਼ਾ ਅਤੇ ਮਾਸਟਰਕਾਰਡ ਨੇ ਵੀ ਸਖ਼ਤ ਕਦਮ ਚੁੱਕਦੇ ਹੋਏ ਆਪਣੀਆਂ ਸਾਰੀਆਂ ਸੇਵਾਵਾਂ ਉਥੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਵਾਈ ਤਹਿਤ ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਮਾਸਟਰ ਅਤੇ ਵੀਜ਼ਾ ਕਾਰਡ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ।
ਇਸ ਸਬੰਧੀ ਵੀਜ਼ਾ ਨੇ ਸ਼ਨੀਵਾਰ ਨੂੰ ਵੱਡਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਰੂਸ ਵਿੱਚ ਆਪਣੀ ਸੇਵਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਰਹੇ ਹਾਂ। ਹਾਲਾਂਕਿ, ਪੁਰਾਣੇ ਬਕਾਇਆ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੈਣ-ਦੇਣ ਪੂਰਾ ਹੋਣ ‘ਤੇ ਕੰਮ ਰੋਕ ਦਿੱਤਾ ਜਾਵੇਗਾ । ਰੂਸ ਵਿੱਚ ਜਾਰੀ ਕੀਤੇ ਗਏ ਵੀਜ਼ਾ ਕਾਰਡਾਂ ਨਾਲ ਸ਼ੁਰੂ ਕੀਤੇ ਗਏ ਸਾਰੇ ਲੈਣ-ਦੇਣ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ ਵੀਜ਼ਾ ਦੇ ਪ੍ਰਧਾਨ ਅਤੇ ਸੀਈਓ ਅਲ ਕੈਲੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਰੂਸ ਦੇ ਯੂਕਰੇਨ ‘ਤੇ ਬਿਨ੍ਹਾਂ ਕਿਸੇ ਗੱਲ ਦੇ ਹਮਲੇ ਅਤੇ ਅਸਵੀਕਾਰਨਯੋਗ ਘਟਨਾਵਾਂ ਤੋਂ ਬਾਅਦ ਕਾਰਵਾਈ ਕਰਨ ਲਈ ਮਜ਼ਬੂਰ ਹਾਂ।
ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਇਸ ਤੋਂ ਇਲਾਵਾ ਮਾਸਟਰਕਾਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਕਾਰਡ ਹੁਣ ਉਸ ਦੇ ਨੈੱਟਵਰਕ ਦੁਆਰਾ ਕੰਮ ਨਹੀਂ ਕਰਨਗੇ ਅਤੇ ਦੇਸ਼ ਤੋਂ ਬਾਹਰ ਜਾਰੀ ਕੀਤਾ ਗਿਆ ਕੋਈ ਵੀ ਕਾਰਡ ਰੂਸੀ ਸਟੋਰਾਂ ਜਾਂ ਏਟੀਐਮ ‘ਤੇ ਕੰਮ ਨਹੀਂ ਕਰੇਗਾ । ਮਾਸਟਰਕਾਰਡ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਲਕੇ ਵਿੱਚ ਨਹੀਂ ਲੈਂਦੇ ਹਾਂ। ਕੰਪਨੀ ਨੇ ਕਿਹਾ ਕਿ ਗਾਹਕਾਂ, ਪਾਰਟਨਰਾਂ ਤੇ ਸਰਕਾਰਾਂ ਨਾਲ ਗੱਲਬਾਤ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ Adobe ਨੇ ਰੂਸ ਵਿੱਚ ਆਪਣੀਆਂ ਸੇਵਾਨਾਂ ਬੰਦ ਕਰ ਦਿੱਤੀਆਂ ਹਨ। ਇਸੇ ਵਿਚਾਲੇ Puma ਨੇ ਰੂਸ ਵਿੱਚ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ ਤੇ ਰੂਸ ਵਿੱਚ ਆਪਣੇ ਸਟੋਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ Apple ਤੇ Samsung ਨੇ ਵੀ ਰੂਸ ਵਿੱਚ ਆਪਣੇ ਪ੍ਰੋਡਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਸੀ।