ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥
ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ’ਯਾਨੜੀਏ’ ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ ‘ਇਆਨੜੀਏ ਮਾਨੜਾ ਕਾਇ ਕਰੇਹਿ’)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ,ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ॥ ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥