: ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਮਹੀਨੇ ਦੇ ਅਖ਼ੀਰ ਤਕ ਭਾਰਤ ਆ ਸਕਦੇ ਹਨ। ਇਸ ਦੌਰਾਨ ਉਹ ਭਾਰਤ-ਬਿ੍ਟੇਨ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਦੀ ਪਿੱਠਭੂਮੀ ‘ਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕਰਨਗੇ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜੌਨਸਨ ਦੇ 22 ਅਪ੍ਰਰੈਲ ਦੇ ਆਸਪਾਸ ਆਉਣ ਦੀ ਉਮੀਦ ਹੈ। ਜੌਨਸਨ ਨੂੰ ਪਿਛਲੇ ਸਾਲ ਹੀ ਭਾਰਤ ਆਉਣਾ ਸੀ। ਦੋ ਵਾਰ ਉਨ੍ਹਾਂ ਦੀ ਯਾਤਰਾ ਤੈਅ ਵੀ ਹੋ ਗਈ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਉਹ ਨਹੀਂ ਆ ਸਕੇ ਸਨ। ਦੋਵਾਂ ਦੇਸ਼ਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਤੀਜੇ ਦੌਰ ਦੀ ਗੱਲਬਾਤ ਵੀ ਇਸ ਮਹੀਨੇ ਦੇ ਅਖ਼ੀਰ ‘ਚ ਹੋਣੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਜੌਨਸਨ ਦੀ ਯਾਤਰਾ ਦੌਰਾਨ ਇਹ ਗੱਲਬਾਤ ਹੋ ਸਕਦੀ ਹੈ।
ਹਾਲਾਂਕਿ, ਬਿ੍ਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਨੇ ਹਾਲੇ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਵਿਸਥਾਰਤ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ, ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੀਐੱਮ ਜੌਨਸਨ ਨੇ ਟੈਲੀਫੋਨ ‘ਤੇ ਗੱਲਬਾਤ ਦੌਰਾਨ ਨਿੱਜੀ ਤੌਰ ‘ਤੇ ਮਿਲਣ ਦੇ ਮਸਲੇ ‘ਤੇ ਚਰਚਾ ਕੀਤੀ ਸੀ।
ਬਿ੍ਟੇਨ ਦੇ ਪ੍ਰਧਾਨ ਮੰਤਰੀ ਦੇ ਇਕ ਤਰਜਮਾਨ ਨੇ 22 ਮਾਰਚ ਨੂੰ ਕਿਹਾ ਸੀ, ‘ਦੋਵਾਂ ਆਗੂਆਂ ਨੇ ਭਾਰਤ ਤੇ ਬਿ੍ਟੇਨ ਦੇ ਮਜ਼ਬੂਤ ਤੇ ਖ਼ੁਸ਼ਹਾਲ ਸਬੰਧਾਂ ਦਾ ਸਵਾਗਤ ਕੀਤਾ ਤੇ ਆਉਣ ਵਾਲੇ ਮਹੀਨਿਆਂ ‘ਚ ਵਪਾਰ, ਸੁਰੱਖਿਆ ਤੇ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਦੋਵਾਂ ਆਗੂਆਂ ਨੇ ਜਲਦੀ ਮੁਲਾਕਾਤ ਕਰਨ ਦੀ ਇੱਛਾ ਵੀ ਪ੍ਰਗਟਾਈ।’
ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਵੀ ਜੌਨਸਨ ਦੀ ਯਾਤਰਾ ਅਹਿਮ ਮੰਨੀ ਜਾ ਰਹੀ ਹੈ। ਰੂਸ ਖ਼ਿਲਾਫ਼ ਪਾਬੰਦੀਆਂ ਲਾਉਣ ‘ਚ ਬਿ੍ਟੇਨ ਦੀ ਭੂਮਿਕਾ ਅਹਿਮ ਹੈ। ਮੰਨਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਤੇ ਜੌਨਸਨ ਦਰਮਿਆਨ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਦਾ ਮੁੱਦਾ ਵੀ ਉੱਠ ਸਕਦਾ ਹੈ। ਰੂੁਸ ਖ਼ਿਲਾਫ਼ ਬਿ੍ਟੇਨ ਤੇ ਅਮਰੀਕਾ ਸਮੇਤ ਯੂਰਪੀ ਦੇਸ਼ ਇਕਜੁੱਟ ਹਨ, ਪਰ ਭਾਰਤ ਨੇ ਹਾਲੇ ਤਕ ਰੂਸ ਦਾ ਵਿਰੋਧ ਨਹੀਂ ਕੀਤਾ ਹੈ ਤੇ ਸੰਯੁਕਤ ਰਾਸ਼ਟਰ ‘ਚ ਵੀ ਰੂਸ ਖ਼ਿਲਾਫ਼ ਮਤਦਾਨ ਤੋਂ ਦੂਰ ਰਿਹਾ ਹੈ।
ਭਾਰਤ ‘ਤੇ ਦਬਾਅ ਬਣਾਉਣ ਦੇ ਮਕਸਦ ਨਾਲ ਪਿਛਲੇ ਕੁਝ ਦਿਨਾਂ ‘ਚ ਇਨ੍ਹਾਂ ਦੇਸ਼ਾਂ ਦੇ ਉੱਚ ਆਗੂਆਂ ਨੇ ਭਾਰਤ ਦੀ ਯਾਤਰਾ ਵੀ ਕੀਤੀ ਹੈ। ਪਿਛਲੇ ਹਫ਼ਤੇ ਬਿ੍ਟੇਨ ਦੀ ਵਿਦੇਸ਼ ਮੰਤਰੀ ਲਿਜ ਟਰੁੱਸ ਵੀ ਭਾਰਤ ਆਈ ਸੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਉਨ੍ਹਾਂ ਦੀ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਵੀ ਹੋਈ ਸੀ।