ਹਰਿਆਣਾ (Haryana) ਦੇ ਕਈ ਜ਼ਿਲ੍ਹਿਆਂ ਵਿੱਚ ਸੋਕੇ ਕਾਰਨ ਫ਼ਸਲਾਂ ਦੇ ਝਾੜ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਪਸ਼ੂ ਪਾਲਕਾਂ ਨੂੰ ਅਜੋਕੇ ਸਮੇਂ ਵਿੱਚ ਚਾਰੇ ਦੀ ਘਾਟ (Low Wheat Yield) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ, ਝੋਨਾ, ਸਰ੍ਹੋਂ ਤੇ ਗੁਆਰੇ ਤੋਂ ਬਣੇ ਸੁੱਕੇ ਚਾਰੇ ਨੂੰ ਇੱਟਾਂ-ਭੱਠਿਆਂ ਜਾਂ ਗੱਤੇ ਦੇ ਕਾਰਖਾਨਿਆਂ ਵਿੱਚ ਵੇਚਣ ‘ਤੇ ਪਾਬੰਦੀ (Ban on Yield Sale) ਲਗਾ ਦਿੱਤੀ ਹੈ। ਕਣਕ ਦਾ ਝਾੜ ਘੱਟ ਹੋਣ ਕਾਰਨ ਪਸ਼ੂਆਂ ਦੇ ਚਾਰੇ ਨਾਲ ਲੱਦੀਆਂ ਟਰਾਲੀਆਂ ਨੂੰ ਹੋਰ ਖੇਤਰਾਂ ਵਿੱਚ ਲਿਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਕਣਕ ਦੀ ਤੂੜੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਂਦਾ ਹੈ ਪਰ ਖੁਰਾਕ ਦੀ ਘਾਟ ਕਾਰਨ ਪਸ਼ੂਆਂ ਦੀ ਸਾਂਭ-ਸੰਭਾਲ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਕੇ ਕਾਰਨ ਕਣਕ ਦਾ ਝਾੜ 4-8 ਕੁਇੰਟਲ ਪ੍ਰਤੀ ਏਕੜ ਤੱਕ ਪ੍ਰਭਾਵਿਤ ਹੋਇਆ ਹੈ। ਚਾਰੇ ਦੀਆਂ ਕੀਮਤਾਂ 300 ਰੁਪਏ ਤੋਂ ਵਧ ਕੇ 700 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ ਹਨ। ਹੁਣ ਤੱਕ ਚਾਰ ਜ਼ਿਲ੍ਹਿਆਂ ਨੇ ਸੂਬੇ ਤੋਂ ਬਾਹਰ ਕਣਕ ਦੀ ਤੂੜੀ ਦੀ ਵਿਕਰੀ ਤੇ ਢੋਆ-ਢੁਆਈ ‘ਤੇ ਪਾਬੰਦੀ ਦੇ ਹੁਕਮ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਕਣਕ ਦਾ ਝਾੜ ਵੀ ਘੱਟ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਕੇਂਦਰ ਨੂੰ ਸੂਬੇ ਤੋਂ ਕਣਕ ਦੀ ਖਰੀਦ ਵਿੱਚ ਬਗੈਰ ਕਿਸੇ ਕੀਮਤ ਵਿੱਚ ਕਟੌਤੀ ਦੇ ਨਿਯਮਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਵਿੱਚ ਕਣਕ ਉਤਪਾਦਕਾਂ ਅਨੁਸਾਰ ਇਸ ਝਾੜ ਵਿੱਚ ਕਾਫੀ ਕਮੀ ਆਈ ਹੈ। ਕਣਕ ਦੇ ਹਲਕੇ ਤੇ ਛੋਟੇ ਦਾਣੇ ਨੂੰ ਲੈ ਕੇ ਕਿਸਾਨ ਚਿੰਤਤ ਹਨ।