ਪੰਜਾਬ ਵਿੱਚ ਵਿਦਿਆਰਥੀਆਂ ਦੀਆਂ 15 ਤੋਂ 31 ਮਈ ਤੱਕ ਆਨਲਾਈਨ ਲਵਾਉਣ ਦਾ ਫੈਸਲਾ ਮਾਨ ਸਰਕਾਰ ਵੱਲੋਂ ਵਾਪਿਸ ਲੈ ਲਿਆ ਗਿਆ ਹੈ। ਹੁਣ ਬੱਚੇ 15 ਤੋਂ 31 ਮਈ ਤੱਕ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨਗੇ। ਇਸ ਤੋਂ ਬਾਅਦ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ।
ਇਸ ਦੀ ਜਾਣਕਾਰੀ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਤਹਿਤ 15 ਤੋਂ 31 ਮਈ 2022 ਤੱਕ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਸਰਕਾਰ ਨੇ ਪੈ ਰਹੀ ਅਤਿ ਦੀ ਗਰਮੀ ਕਰਕੇ ਪਹਿਲਾਂ ਇਹ ਫੈਸਲਾ ਲਿਆ ਸੀ ਕਿ 15 ਤੋਂ 31 ਮਈ ਤੱਕ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਲਾਈਆਂ ਜਾਣਗੀਆਂ ਤੇ ਨਾਲ ਹੀ ਸਕੂਲ ਦਾ ਸਮਾਂ ਵੀ ਬਦਲ ਕੇ ਸਵੇਰ ਦਾ ਅਤੇ 4 ਤੋਂ 5 ਘੰਟੇ ਤੱਕ ਕਰ ਦਿੱਤਾ ਸੀ।
ਕੋਰੋਨਾ ਕਾਲ ਦੇ ਚੱਲਦਿਆਂ ਪਹਿਲਾਂ ਹੀ ਦੋ ਸਾਲ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਦੀ ਪੜ੍ਹਾਈ ਕਾਫ਼ੀ ਪਿੱਛੇ ਪੈ ਗਈ ਹੈ, ਜਿਸ ਕਰਕੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਹੁਣ ਆਨਲਾਈਨ ਕਲਾਸਾਂ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਤਾਂਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਸਰਕਾਰ ਨੇ ਸਾਰਿਆਂ ਦੀ ਮੰਗ ਨੂੰ ਮੰਨਦੇ ਹੋਏ ਹੁਣ ਆਪਣਾ ਫੈਸਲਾ ਵਾਪਿਸ ਲੈ ਲਿਆ ਹੈ ਤੇ ਨਿਰਦੇਸ਼ ਜਾਰੀ ਕੀਤੇ ਹਨ ਕਿ ਬੱਚੇ ਸਕੂਲਾਂ ਵਿੱਚ ਜਾ ਕੇ ਆਫਲਾਈਨ ਮੋਡ ਵਿੱਚ ਹੀ ਪੜ੍ਹਾਈ ਕਰਨਗੇ।