Home » ਅਬੇ ਹੱਤਿਆ ਕਾਂਡ ਪਿੱਛੋਂ ਜਾਪਾਨ ’ਚ ਸੱਤਾਧਾਰੀ ਗਠਜੋੜ ਜਿੱਤ ਵੱਲ, ਸੰਸਦ ਦੇ ਉਪਰਲੇ ਸਦਨ ਵਿਚ ਬਹੁਮਤ ਬਰਕਰਾਰ ਰਹਿਣ ਦੇ ਆਸਾਰ
Home Page News World World News

ਅਬੇ ਹੱਤਿਆ ਕਾਂਡ ਪਿੱਛੋਂ ਜਾਪਾਨ ’ਚ ਸੱਤਾਧਾਰੀ ਗਠਜੋੜ ਜਿੱਤ ਵੱਲ, ਸੰਸਦ ਦੇ ਉਪਰਲੇ ਸਦਨ ਵਿਚ ਬਹੁਮਤ ਬਰਕਰਾਰ ਰਹਿਣ ਦੇ ਆਸਾਰ

Spread the news

 ਜਾਪਾਨ ਵਿਚ ਸਭ ਤੋਂ ਲੰਬੇ ਸਮੇਂ ਤਕ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਿੰਜੋ ਅਬੇ ਦੀ ਹੱਤਿਆ ਦੇ ਦੋ ਦਿਨਾਂ ਬਾਅਦ ਐਤਵਾਰ ਨੂੰ ਸੰਸਦ ਦੇ ਉਪਰਲੇ ਸਦਨ ਲਈ ਹੋਈ ਵੋਟਿੰਗ ਦੇ ਨਤੀਜੇ ਸੱਤਾਧਾਰੀ ਗਠਜੋੜ ਦੇ ਪੱਖ ਵਿਚ ਜਾਂਦੇ ਦਿਖਾਈ ਦੇਣ ਲੱਗੇ ਹਨ। ਜਨਤਕ ਪ੍ਰਸਾਰਕ ਐੱਨਐੱਚਕੇ ਦੇ ਐਗਜ਼ਿਟ ਪੋਲ ਵਿਚ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਦੀ ਅਗਵਾਈ ਵਾਲੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲਡੀਪੀ) ਅਤੇ ਉਸ ਦੇ ਸਹਿਯੋਗੀ ਦਲ ਕੋਮੇਇਟੋ ਨੂੰ 125 ਵਿਚੋਂ 69-83 ਸੀਟਾਂ ’ਤੇ ਜਿੱਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਚੋਣ ਨਤੀਜਿਆਂ ਦਾ ਅਧਿਕਾਰਕ ਐਲਾਨ ਸੋਮਵਾਰ ਨੂੰ ਹੋਵੇਗਾ। ਸਾਬਕਾ ਪ੍ਰਧਾਨ ਮੰਤਰੀ ਅਬੇ ਦੀ ਸ਼ੁੱਕਰਵਾਰ ਨੂੰ ਨਾਰਾ ਵਿਚ ਇਕ ਰੇਲਵੇ ਸਟੇਸ਼ਨ ਦੇ ਕੋਲ ਚੋਣ ਸਭਾ ਦੇ ਦੌਰਾਨ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਅਬੇ ਹੱਤਿਆ ਕਾਂਡ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਐੱਲਡੀਐੱਫ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਦਾ ਅਨੁਮਾਨ ਸੀ ਕਿ ਉੱਚ ਸਦਨ ਵਿਚ ਸੱਤਾਧਾਰੀ ਗਠਜੋੜ ਦੇ ਮੈਂਬਰਾਂ ਦੀ ਗਿਣਤੀ 55 ਤੋਂ ਵੱਧ ਕੇ 59-69 ਵਿਚਾਲੇ ਹੋ ਜਾਵੇਗੀ। ਜਿੱਤ ਦੇ ਅਨੁਮਾਨ ਵਿਚਾਲੇ ਨਾਰਾ ਤੋਂ ਐੱਲਡੀਐੱਫ ਉਮੀਦਵਾਰ ਕੇਈ ਸਾਤੋ ਨੇ ਕਿਹਾ, ਸਾਬਕਾ ਪੀਐੱਮ ਅਬੇ ਦੀ ਹੱਤਿਆ ਤੋਂ ਬਾਅਦ ਵੀ ਅਸੀਂ ਚੋਣ ਪ੍ਰਚਾਰ ਜਾਰੀ ਰੱਖਿਆ ਸੀ ਕਿਉਂਕਿ ਅਸੀਂ ਅੱਤਵਾਦ ਤੋਂ ਡਰਨਾ ਨਹੀਂ ਚਾਹੁੰਦੇ ਸੀ। ਸੰਸਦ ਦੇ ਘੱਟ ਸ਼ਕਤੀਸ਼ਾਲੀ ਉਪਰਲੇ ਸਦਨ ਦੀਆਂ ਚੋਣਾਂ ਨੂੰ ਆਮ ਤੌਰ ’ਤੇ ਸਰਕਾਰ ਬਣਨ ਲਈ ਲੋਕ ਫਤਵੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਇਸ ਵਿਚੋਂ ਮਿਲਣ ਵਾਲੀ ਵੱਡੀ ਜਿੱਤ ਹੀਰੋਸ਼ੀਮਾ ਦੇ ਸਾਬਕਾ ਬੈਂਕਰ ਕਿਸ਼ਿਦਾ ਦੀ ਸਰਕਾਰ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਫ਼ੌਜੀ ਖਰਚ ਵਧਾਉਣ ਦੇ ਟੀਚੇ ਨੂੰ ਪੂਰਾ ਕਰਨ ਵਿਚ ਮਦਦ ਕਰੇਗੀ। ਇਸ ਨਾਲ ਜਾਪਾਨ ਦੇ ਸੰਵਿਧਾਨ ਵਿਚ ਸੋਧ ਦਾ ਰਾਹ ਖੁੱਲ੍ਹ ਜਾਵੇਗਾ, ਜਿਹੜਾ ਕਾਫੀ ਯਤਨਾਂ ਦੇ ਬਾਵਜੂਦ ਅਬੇ ਨਹੀਂ ਕਰ ਸਕੇ। ਏਐੱਨਆਈ ਮੁਤਾਬਕ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਸੋਮਵਾਰ ਨੂੰ ਅਬੇ ਨੂੰ ਸ਼ਰਧਾਂਜਲੀ ਭੇਂਟ ਕਰਨ ਟੋਕੀਓ ਪਹੁੰਚਣਗੇ। ਇਸ ਦੌਰਾਨ ਉਹ ਜਾਪਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਸਾਬਕਾ ਪੀਐੱਮ ਅਬੇ ’ਤੇ ਪਹਿਲੀ ਗੋਲ਼ੀ ਚੱਲਣ ਤੋਂ ਪਹਿਲਾਂ ਨਾਰਾ ਪੁਲਿਸ ਨੂੰ ਹਮਲਾਵਰ ਤੇਤਸੁਇਆ ਯਾਮਾਗਾਮੀ ਬਾਰੇ ਕੋਈ ਜਾਣਕਾਰੀ ਜਾਂ ਅੰਦਾਜ਼ਾ ਨਹੀਂ ਸੀ। ਜਾਪਾਨ ਦੀ ਨੈਸ਼ਨਲ ਪੁਲਿਸ ਏਜੰਸੀ ਨੇ ਕਿਹਾ ਕਿ ਉਹ ਹੱਤਿਆ ਕਾਂਡ ਦੇ ਦਿਨ ਅਬੇ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਰਹੀ ਸੀ। ਏਜੰਸੀ ਨੂੰ ਸ਼ੱਕ ਹੈ ਕਿ ਜਿੱਥੇ ਅਬੇ ਭਾਸ਼ਣ ਦੇ ਰਹੇ ਸਨ, ਉਸ ਦੇ ਪਿੱਛੇ ਦੇ ਹਿੱਸੇ ਵਿਚ ਪੁਲਿਸ ਦੀ ਪੈਟਰੋਲਿੰਗ ਵਿਵਸਥਾ ਵਿਚ ਕੋਈ ਦਿੱਕਤ ਸੀ। ਕੁਝ ਸੁਰੱਖਿਆ ਮਾਹਰ ਹਮਲਾਵਰ ਨੂੰ ਨਾ ਰੋਕ ਸਕਣ ਨੂੰ ਲੈ ਕੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕ ਰਹੇ ਹਨ।