ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥ ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥ ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤਾ ਛੂਟਹਿ ਮਾਇਆ ਕੇ ਪਟਲ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤਾ ਤੇਰਾ ਹੋਇ ਨਿਰਮਲ ਜੀਉ ॥੨॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧। (ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ। ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ।੨।