Home » ਸ਼੍ਰੀਲੰਕਾ: ਸੁਪਰੀਮ ਕੋਰਟ ਨੇ ਰਾਜਪਕਸ਼ੇ ਦੇ ਭਰਾਵਾਂ ਦੇ ਵਿਦੇਸ਼ ਜਾਣ ‘ਤੇ ਰੋਕ 2 ਅਗਸਤ ਤੱਕ ਵਧਾਈ…
Home Page News India India News World World News

ਸ਼੍ਰੀਲੰਕਾ: ਸੁਪਰੀਮ ਕੋਰਟ ਨੇ ਰਾਜਪਕਸ਼ੇ ਦੇ ਭਰਾਵਾਂ ਦੇ ਵਿਦੇਸ਼ ਜਾਣ ‘ਤੇ ਰੋਕ 2 ਅਗਸਤ ਤੱਕ ਵਧਾਈ…

Spread the news

ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਅਤੇ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਅਜੀਤ ਨਿਵਾਰਡ ਕਾਬਰਾਲ ਦੇ ਦੇਸ਼ ਛੱਡਣ ‘ਤੇ ਪਾਬੰਦੀ 2 ਅਗਸਤ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੇਸ਼ ਛੱਡਣ ‘ਤੇ 28 ਜੁਲਾਈ ਤੱਕ ਪਾਬੰਦੀ ਸੀ। ਨਿਊਜ਼ ਵੈੱਬਸਾਈਟ ‘ਕੋਲੰਬੋ ਗਜ਼ਟ’ ਦੇ ਮੁਤਾਬਕ ਇਹ ਪਟੀਸ਼ਨ ਇਕ ਸਮੂਹ ਨੇ ਦਾਇਰ ਕੀਤੀ ਹੈ, ਜਿਹਨਾਂ ਵਿਚ ਸੀਲੋਨ ਚੈਂਬਰ ਆਫ ਕਾਮਰਸ ਦੇ ਸਾਬਕਾ ਪ੍ਰਧਾਨ ਚੰਦਰ ਜੈਰਤਨੇ, ਸ਼੍ਰੀਲੰਕਾ ਦੇ ਸਾਬਕਾ ਤੈਰਾਕੀ ਚੈਂਪੀਅਨ ਜੂਲੀਅਨ ਬੋਲਿੰਗ ਅਤੇ ਜੇਹਾਨ ਕਾਨਗਰਤਨ ਅਤੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਸ਼੍ਰੀਲੰਕਾ ਸ਼ਾਮਲ ਹਨ। ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਤਿੰਨੋਂ ਸ੍ਰੀਲੰਕਾ ਦੇ ਬਾਹਰੀ ਕਰਜ਼ੇ ਦੀ ਅਣਸੁਲਝੀ ਸਥਿਤੀ, ਕਰਜ਼ੇ ਦੀ ਮੁੜ ਅਦਾਇਗੀ ਵਿੱਚ ਡਿਫਾਲਟ ਅਤੇ ਮੌਜੂਦਾ ਆਰਥਿਕ ਸੰਕਟ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਖ਼ਬਰਾਂ ਮੁਤਾਬਕ ਸ਼੍ਰੀਲੰਕਾ ਦੀ ਸਿਖਰਲੀ ਅਦਾਲਤ ਨੇ 15 ਜੁਲਾਈ ਨੂੰ ਤਿੰਨਾਂ ਦੇ 28 ਜੁਲਾਈ ਤੱਕ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ ਹੁਣ 2 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੋਲੰਬੋ ਦੇ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਅਤੇ ਅਧਿਕਾਰੀਆਂ ਦੇ ਵਿਰੋਧ ਦੇ ਬਾਅਦ ਬੇਸਿਲ ਨੂੰ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਹਿੰਦਾ ਅਤੇ ਬੇਸਿਲ ਸਾਬਕਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਭਰਾ ਹਨ। ਰਾਜਪਕਸ਼ੇ 14 ਜੁਲਾਈ ਨੂੰ ਇਕ ਨਿੱਜੀ ਜਹਾਜ਼ ਰਾਹੀਂ ਮਾਲਦੀਵ ਦੇ ਰਸਤੇ ਸਿੰਗਾਪੁਰ ਪਹੁੰਚੇ ਸਨ ਅਤੇ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿੰਗਾਪੁਰ ਨੇ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਵਿੱਚ ਰਹਿਣ ਦੀ ਮਿਆਦ 11 ਅਗਸਤ ਤੱਕ ਵਧਾ ਦਿੱਤੀ ਹੈ।