ਸਾਇੰਸਦਾਨ ਇੱਕ ਨਵੇਂ ਵਾਇਰਸ ਦੀ ਜਾਂਚ ਕਰ ਰਹੇ ਹਨ ਜਿਸ ਦੀ ਲਾਗ ਕਾਰਨ ਪੂਰਬੀ ਚੀਨ ਵਿੱਚ ਕਈ ਦਰਜਣ ਲੋਕ ਬਿਮਾਰ ਹੋ ਗਏ ਹਨ। ਦਿ ਨੋਵਲ ਲੰਗਿਆ ਹੈਨਪਵਾਇਰਸ ਚੀਨ ਦੇ ਦੋ ਸੂਬਿਆਂ ਸ਼ੰਡੌਂਗ ਅਤੇ ਹੇਨਾਨ ਵਿੱਚ 35 ਮਰੀਜ਼ਾਂ ਵਿੱਚ ਪਾਇਆ ਗਿਆ। ਕਈ ਮਰੀਜ਼ਾਂ ਵਿੱਚ ਬੁਖਾਰ, ਥਕਾਨ ਅਤੇ ਖੰਘ ਵਰਗੇ ਲੱਛਣ ਦੇਖੇ ਗਏ ਹਨ। ਮੰਨਿਆਂ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਇਹ ਲਾਗ ਜਾਨਵਰਾਂ ਤੋਂ ਲੱਗੀ। ਇਹ ਲਾਗ ਮਨੁੱਖਾਂ ਵਿੱਚ ਵੀ ਫੈਲ ਸਕਦੀ ਹੈ, ਅਜੇ ਤੱਕ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਇਸ ਖੋਜ ਬਾਰੇ ਚੀਨ, ਸਿੰਗਾਪੁਰ ਅਤੇ ਆਸਟਰੇਲੀਆ ਦੇ ਸਾਇੰਸਦਾਨਾਂ ਵੱਲੋਂ ਲਿਖੀ ਗਈ ਇੱਕ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ। ਇਹ ਚਿੱਠੀ/ਪੇਪਰ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਛਾਪਿਆ ਗਿਆ ਹੈ। ਸਿੰਗਾਪੁਰ ਦੇ ਡਿਊਕ-ਐਯੂਐਸ ਸਕੂਲ ਦੇ ਇੱਕ ਖੋਜਕਾਰ ਵੈਂਗ ਲਿਨਫ਼ਾ ਨੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਇਸ ਬਿਮਾਰੀ ਦੇ ਮਾਮਲੇ ਅਜੇ ਜਾਨਲੇਵਾ ਨਹੀਂ ਪਾਏ ਗਏ ਹਨ। ਇਸ ਲਈ ਡਰਨ ਦੀ ਕੋਈ ਗੱਲ ਨਹੀਂ ਹੈ। ਹਾਲਾਂਕਿ ਵੈਂਗ ਨੇ ਦੱਸਿਆ ਕਿ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਵਾਇਰਸ ਜਦੋਂ ਮਨੁੱਖਾਂ ਵਿੱਚ ਫੈਲਦੇ ਹਨ ਤਾਂ ਅਣਕਿਆਸੇ ਨਤੀਜੇ ਪੈਦਾ ਕਰਦੇ ਹਨ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਲੇਵੀ ਚਕਚੂੰਦਰਾਂ ਦੇ 27% ਜਾਂਚੇ ਗਏ ਸੈਂਪਲਾਂ ਵਿੱਚ ਪਾਇਆ ਗਿਆ। ਇਸ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਕੁਦਰਤੀ ਰੂਪ ਵਿੱਚ ਇਹ ਵਾਇਰਸ ਸ਼ਾਇਦ ਚਕਚੂੰਦਰਾਂ ਵਿੱਚ ਹੀ ਪਾਇਆ ਜਾਂਦਾ ਹੈ। ਕਈ ਸਾਲ ਪਹਿਲਾਂ ਸਾਰਸ ਨਾਂ ਦਾ ਵਾਇਰਸ ਵੀ ਚੀਨ ਦੇ ਬਾਜ਼ਾਰ ਤੋਂ ਹੀ ਆਇਆ ਸੀ
ਇਸ ਤੋਂ ਇਲਾਵਾ ਜਿਨ੍ਹਾਂ ਕੁੱਤਿਆਂ ਅਤੇ ਬੱਕਰੀਆਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚੋਂ ਕ੍ਰਮਵਾਰ 5% ਕੁੱਤੇ ਅਤੇ 2% ਬੱਕਰੀਆਂ ਵਿੱਚ ਵੀ ਵਾਇਰਸ ਪਾਇਆ ਗਿਆ। ਤਾਇਵਾਨ ਦੇ ਬਿਮਾਰੀ ਕੰਟਰੋਲ ਕੇਂਦਰ ਨੇ ਐਤਵਾਰ ਨੂੰ ਕਿਹਾ ਕਿ ਉਹ ਵਾਇਰਸ ਦੇ ਵਿਕਾਸ ਉੱਪਰ ਨਿਗ੍ਹਾ ਰੱਖ ਰਹੇ ਹਨ। ਲੇਵੀ ਵਾਇਰਸ ਇੱਕ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਣ ਵਾਲੇ ਵਰਗ ਨਾਲ ਸੰਬੰਧਿਤ ਵਾਇਰਸ ਹੈ। ਇਹ ਵਾਇਰਸ ਆਮ ਹਨ ਪਰ ਕੋਰੋਨਾਵਾਇਰਸ ਤੋਂ ਬਾਅਦ ਇਨ੍ਹਾਂ ਨੇ ਖ਼ਾਸ ਧਿਆਨ ਖਿੱਚਿਆ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਨੇ ਕਿਹਾ ਕਿ ਸਾਇੰਦਾਨਾਂ ਦੇ ਅੰਦਾਜ਼ੇ ਮੁਤਾਬਕ ਮਨੁੱਖਾਂ ਵਿੱਚ ਹੋਣ ਵਾਲੀਆਂ ਚਾਰ ਵਿੱਚੋਂ ਤਿੰਨ ਬਿਮਾਰੀਆਂ ਜਾਨਵਰਾਂ ਤੋਂ ਫ਼ੈਲਣ ਵਾਲੇ ਵਾਇਰਸਾਂ ਕਾਰਨ ਹੁੰਦੀਆਂ ਹਨ। ਕੁਝ ਸਮਾਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਚੇਤਾਨੀ ਦਿੱਤੀ ਸੀ ਕਿ ਜੰਗਲੀ ਜੀਵਾਂ ਨਾਲ ਵਧਦੇ ਆਹਮੋ-ਸਾਹਮਣੇ ਕਾਰਨ ਮਨੁੱਖਤਾ ਨੂੰ ਕੋਰੋਨਾਵਇਰਸ ਵਰਗੀਆਂ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਨਵਰਾਂ ਤੋਂ ਆਉਣ ਵਾਲੇ ਕੁਝ ਵਾਇਰਸ ਮਨੁੱਖਾਂ ਲਈ ਜਾਨਲੇਵਾ ਹੋ ਸਕਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ ਨਿਪਾਹ ਵਾਇਰਸਜ ਜੋ ਕਿ ਕਦੇ ਕਦਾਈ ਏਸ਼ੀਆ ਦੇ ਕੁਝ ਇਲਾਕਿਆਂ ਵਿੱਚ ਸਾਹਮਣੇ ਆਉਂਦਾ ਰਹਿੰਦਾ ਹੈ। ਇੱਕ ਹੋਰ ਹੈ ਹੈਂਡਰਾ ਵਾਇਰਸ ਜੋ ਕਿ ਸਭ ਤੋਂ ਪਹਿਲਾਂ ਆਸਟਰੇਲੀਆ ਦੇ ਘੋੜਿਆਂ ਵਿੱਚ ਪਾਇਆ ਗਿਆ ਸੀ। ਦੂਜੇ ਸੰਬੰਧਿਤ ਹੇਨੀਪਵਾਇਰਸ ਚਕਚੂੰਦਰਾਂ, ਚਮਗਿੱਦੜਾਂ ਅਤੇ ਚੂਹਿਆਂ ਵਿੱਚ ਪਾਏ ਗਏ ਹਨ।