ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਵਿਕਟਕੀਪਰ ਵਜੋਂ ਰਿਸ਼ਭ ਪੰਤ ਦੀ ਥਾਂ ਦਿਨੇਸ਼ ਕਾਰਤਿਕ ਨੂੰ ਟੀਮ ਵਿੱਚ ਸ਼ਾਮਲ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨ ਦੀ ਟੀਮ ਨੂੰ 19.5 ਓਵਰਾਂ ਵਿੱਚ 147 ਦੌੜਾਂ ’ਤੇ ਆਲ-ਆਊਟ ਕਰ ਦਿੱਤਾ।
ਇਸ ਮਗਰੋਂ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ 19.4 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ।
ਪਾਕਿਸਤਾਨ ਦੀ ਟੀਮ ਤਰਫੋਂ ਕਪਤਾਨ ਬਾਬਰ ਆਜ਼ਮ ਨੇ 10 ਦੋੜਾਂ ਦਾ ਯੋਗਦਾਨ ਦਿੱਤਾ ਅਤੇ ਕਪਤਾਨ ਦੀ ਵਿਕਟ ਜਲਦੀ ਡਿੱਗਣ ਕਾਰਨ ਪਾਕਿਸਤਾਨ ਦੀ ਟੀਮ ਸਦਮੇ ਵਿੱਚੋਂ ਉਭਰ ਨਹੀਂ ਸਕੀ ਤੇ ਖਿਡਾਰੀ ਲਗਾਤਾਰ ਆਊਟ ਹੁੰਦੇ ਰਹੇ। ਟੀਮ ਲਈ ਮੁਹੰਮਦ ਰਿਜਵਾਨ ਨੇ ਸਭ ਤੋਂ ਵਧ 43 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਇੰਡੀਆ ਦੇ ਖਿਡਾਰੀ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਟੀਮ ਦੇ 4 ਤੇ ਹਾਰਦਿਕ ਪਾਂਡਿਆ ਨੇ 3 ਖਿਡਾਰੀ ਆਊਟ ਕੀਤੇ।