Amrit vele da Hukamnama Sri Darbar Sahib, Sri Amritsar, Ang 601, 19-09-22
ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧। ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ।