Home » ਮੁਲਾਇਮ ਸਿੰਘ ਦੇ ਦੇਹਾਂਤ ’ਤੇ ਪੀਐੱਮ ਮੋਦੀ ਨੇ ਜਤਾਇਆ ਦੁੱਖ, ਕਿਹਾ- ਰੱਖਿਆ ਮੰਤਰੀ ਰਹਿੰਦਿਆਂ ਭਾਰਤ ਨੂੰ ਕੀਤਾ ਮਜ਼ਬੂਤ…
Home Page News India India News

ਮੁਲਾਇਮ ਸਿੰਘ ਦੇ ਦੇਹਾਂਤ ’ਤੇ ਪੀਐੱਮ ਮੋਦੀ ਨੇ ਜਤਾਇਆ ਦੁੱਖ, ਕਿਹਾ- ਰੱਖਿਆ ਮੰਤਰੀ ਰਹਿੰਦਿਆਂ ਭਾਰਤ ਨੂੰ ਕੀਤਾ ਮਜ਼ਬੂਤ…

Spread the news

ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ’ਚ ਸੋਗ ਦੀ ਲਹਿਰ ਹੈ। ਪੀਐੱਮ ਮੋਦੀ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਲਗਾਤਾਰ ਤਿੰਨ ਟਵੀਟ ਕਰ ਕੇ ਦੁੱਖ ਜਤਾਇਆ ਹੈ। ਮੁਲਾਇਮ ਸਿੰਘ ਯਾਦਵ ਦੀ ਸੋਮਵਾਰ ਸਵੇਰੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘ਸ੍ਰੀ ਮੁਲਾਇਮ ਸਿੰਘ ਯਾਦਵ ਜੀ ਵਿਲੱਖਣ ਸ਼ਖ਼ਸੀਅਤ ਦੇ ਧਨੀ ਸਨ।’ ਉਨ੍ਹਾਂ ਕਿਹਾ ਕਿ ਮੁਲਾਇਮ ਦੀ ਵਿਆਪਕ ਤੌਰ ’ਤੇ ਪ੍ਰਸੰਸਾ ਕੀਤੀ ਜਾਂਦੀ ਹੈ ਕਿਉਂਕਿ ਉਹ ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ, ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਸਨ। ਉਨ੍ਹਾਂ ਨੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਅਤੇ ਲੋਕਨਾਇਕ ਜੇਪੀ ਅਤੇ ਡਾ. ਲੋਹੀਆ ਦੇ ਆਦਰਸ਼ਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਕ ਹੋਰ ਟਵੀਟ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੁਲਾਇਮ ਸਿੰਘ ਯਾਦਵ ਜੀ ਨੇ ਯੂਪੀ ਅਤੇ ਰਾਸ਼ਟਰੀ ਰਾਜਨੀਤੀ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਐਮਰਜੈਂਸੀ ਦੌਰਾਨ ਲੋਕਤੰਤਰ ਲਈ ਇਕ ਪ੍ਰਮੁੱਖ ਸਿਪਾਹੀ ਸਨ। ਮੁਲਾਇਮ ਜੀ ਨੇ ਰੱਖਿਆ ਮੰਤਰੀ ਵਜੋਂ ਮਜ਼ਬੂਤ ਭਾਰਤ ਲਈ ਕੰਮ ਕੀਤਾ। ਪੀਐਮ ਮੋਦੀ ਨੇ ਮੁਲਾਇਮ ਸਿੰਘ ਨਾਲ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘ ਆਪਣੇ-ਆਪਣੇ ਸੂਬਿਆਂ ਦੇ ਮੁੱਖ ਮੰਤਰੀ ਰਹਿਣ ਦੌਰਾਨ ਮੁਲਾਇਮ ਜੀ ਨਾਲ ਮੇਰੀਆਂ ਕਈ ਮੁਲਾਕਾਤਾਂ ਹੋਈਆਂ। ਮੁਲਾਇਮ ਜੀ ਨਾਲ ਮੇਰੀ ਨੇੜਤਾ ਬਣੀ ਰਹੀ ਅਤੇ ਮੈਂ ਹਮੇਸ਼ਾ ਉਨ੍ਹਾਂ ਦੇ ਵਿਚਾਰ ਸੁਣਨ ਲਈ ਉਤਾਵਲਾ ਰਿਹਾ। ਮੈਨੂੰ ਉਨ੍ਹਾਂ ਦੀ ਮੌਤ ’ਤੇ ਦੁੱਖ ਹੋਇਆ। ਓਮ ਸ਼ਾਂਤੀ।