ਨਿਊਜੀਲੈਂਡ ਟੀਮ ਨੇ ਭਾਰਤੀ ਹਾਕੀ ਟੀਮ ਨੂੰ ਸਡਨ ਡੈਥ ਪੈਨਲਟੀ ਸ਼ੂਟ ਆਊਟ ਵਿੱਚ 5-4 ਦੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ। ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਕਰਾਸ ਓਵਰ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲਾਂ ਲੀਡ ਤਾਂ ਹਾਸਲ ਕੀਤੀ ਪਰ ਖੇਡ ਦੇ ਦੂਜੇ ਅੱਧ ਵਿੱਚ ਭਾਰਤੀ ਟੀਮ ਦੀ ਢਿੱਲੀ ਖੇਡ ਨੇ ਉਨ੍ਹਾਂ ਦਾ ਸੁਪਨਾ ਹੀ ਤੋੜ ਦਿੱਤਾ। ਭਾਰਤੀ ਟੀਮ ਵਲੋਂ ਦੂਜੇ ਕਵਾਰਟਰ ਵਿੱਚ ਲਲਿਤ ਉਪਾਧਿਆਏ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਉਸ ਤੋਂ ਬਾਅਦ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਇਸ ਤੋਂ ਬਾਅਦ ਨਿਊਜੀਲੈਂਡ ਦੇ ਸੇਮ ਲੇਨ ਨੇ ਗੋਲ ਕਰਕੇ ਸਕੋਰ 1-2 ਕੀਤਾ। ਇਸ ਤੋਂ ਬਾਅਦ ਭਾਰਤ ਦੇ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 3-1 ਕੀਤਾ। ਇਸ ਤੋਂ ਬਾਅਦ ਨਿਊਜੀਲੈਂਡ ਦੇ ਖਿਡਾਰੀਆਂ ਨੇ ਦੋ ਗੋਲ ਕਰਕੇ ਸਕੋਰ 3-3 ਕੀਤਾ। ਪੈਨਲਟੀ ਸ਼ੂਟ ਆਊਟ ਵਿੱਚ ਵੀ ਬਰਾਬਰ ਰਹੇ ਪਰ ਪੈਨਲਟੀ ਸ਼ੂਟ ਅਊਟ ਵਿੱਚ ਭਾਰਤੀ ਖਿਡਾਰੀ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਏ ਅਤੇ ਮੈਚ 5-4 ਦੇ ਫਰਕ ਨਾਲ ਗੁਆ ਲਿਆ ਅਤੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਏ।ਨਿਊਜੀਲੈਂਡ ਦੀ ਟੀਮ ਇਸ ਜਿੱਤ ਤੋਂ ਬਾਅਦ ਕਵਾਰਟਰ ਫਾਇਨਲ ਵਿੱਚ ਪਹੁੰਚ ਗਈ। ਕਵਾਰਟਰ ਫਾਇਨਲ ਵਿੱਚ ਨਿਊਜੀਲੈਂਡ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ।
ਹਰਮਨਪ੍ਰੀਤ ਸਿੰਘ ਦੀ ਖੇਡ ਨੇ ਭਾਰਤੀ ਟੀਮ ਦੇ ਭਵਿੱਖ ਤੇ ਪਹਿਲਾਂ ਹੀ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਸਨ ਕਿਉਂਕਿ ਵਿਸ਼ਵ ਕੱਪ ਮੁਕਾਬਲੇ ਵਿੱਚ ਚਾਰ ਮੈਚ ਖੇਡਣ ਤੋਂ ਬਾਅਦ ਸਿਰਫ ਇਕ ਹੀ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਉਸ ਵੀ ਸਿਰਫ ਵੇਲਜ਼ ਵਰਗੀ ਟੀਮ ਖਿਲਾਫ ਜਦੋਂ ਗੋਲ ਪੋਸਟ ਵਿੱਚ ਗੋਲ ਕੀਪਰ ਵੀ ਨਹੀਂ ਸੀ। ਦੂਜਾ ਭਾਰਤੀ ਖਿਡਾਰੀ ਹਾਰਦਿਕ ਸਿੰਘ, ਜਿਸ ਨੇ ਪਹਿਲੇ ਦੋ ਮੈਚਾਂ ਵਿਚ ਬੇਹਤਰੀਨ ਖੇਡ ਦਿਖਾਈ ਸੀ, ਇੰਗਲੈਂਡ ਖਿਲਾਫ ਮੈਚ ਵਿੱਚ ਸੱਟ ਲੱਗਣ ਕਰਕੇ ਉਹ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ ਸੀ।
ਇਸ ਤੋਂ ਪਹਿਲਾਂ ਖੇਡੇ ਗਏ ਇਕ ਹੋਰ ਕਰਾਸ ਓਵਰ ਮੁਕਾਬਲੇ ਵਿੱਚ ਸਪੇਨ ਨੇ ਮਲੇਸ਼ੀਆ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-3 ਨਾਲ ਹਰਾ ਕੇ ਕਵਾਰਟਰ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਕਵਾਰਟਰ ਫਾਇਨਲ ਵਿੱਚ ਸਪੇਨ ਦਾ ਮੁਕਾਬਲਾ ਆਸਟਰੇਲ਼ੀਆ ਨਾਲ ਹੋਵੇਗਾ।