ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 29 ਮਈ ਨੂੰ ਚੋਣਾਂ ਹੋਣਗੀਆਂ ਜਿਸ ਦੇ ਤਹਿਤ ਐਡਮਿੰਟਨ ਸ਼ਹਿਰ ਦੇ ਮਿਲਵੁੱਡ ਹਲਕੇ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਮਜੀਠਾ ਨੇੜਲੇ ਪਿੰਡ ਅਠਵਾਲ ਦੇ ਜੰਮਪਲ ਰਮਨਦੀਪ ਸਿੰਘ ਅਠਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਠਵਾਲ ਦੇ ਉਮੀਦਵਾਰ ਬਣਾਏ ਜਾਣ ਪਿੱਛੋਂ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿੰਡ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਹਨ।ਰਮਨਦੀਪ ਸਿੰਘ ਅਠਵਾਲ ਦਾ ਰਾਜਨੀਤਕ ਪਿਛੋਕੜ ਹੋਣ ਕਰਕੇ ਉਸ ਨੂੰ ਰਾਜਨੀਤੀ ਬਾਰੇ ਕਾਫੀ ਤਜ਼ਰਬਾ ਹੈ। ਰਮਨਦੀਪ ਸਿੰਘ ਅਠਵਾਲ ਦੇ ਦਾਦਾ ਸ. ਦਲੀਪ ਸਿੰਘ ਜਿਹੜੇ ਕਿ ਲੰਮਾ ਸਮਾ ਪਿੰਡ ਦੇ ਸਰਪੰਚ ਰਹੇ, ਪਿਤਾ ਗੁਰਮੀਤ ਸਿੰਘ ਅਠਵਾਲ ਸਿੱਖਿਆ ਵਿਭਾਗ ਪੰਜਾਬ ਵਿੱਚੋ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਅਤੇ ਸਿੱਖਿਆ ਦੇ ਖੇਤਰ ਵਿੱਚ ਸਟੇਟ ਐਵਾਰਡ ਪ੍ਰਾਪਤ ਕੀਤਾ। ਰਮਨਦੀਪ ਸਿੰਘ ਅਠਵਾਲ ਪੰਜਾਬ ਦੇ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਦਾ ਰਿਸ਼ਤੇ ਵਿੱਚ ਭਤੀਜਾ ਲੱਗਦਾ ਹੈ । ਪੰਜਾਬ ਵਿੱਚ ਪਰਿਵਾਰ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੋਣ ਕਰਕੇ ਗੁਰਮੀਤ ਸਿੰਘ ਅਠਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਗੱਲਬਾਤ ਦੌਰਾਨ ਰਮਨਦੀਪ ਸਿੰਘ ਅਠਵਾਲ ਦੇ ਪਿਤਾ ਗੁਰਮੀਤ ਸਿੰਘ ਅਠਵਾਲ ਨੇ ਦੱਸਿਆ ਕਿ ਰਮਨਦੀਪ ਸਿੰਘ ਅਠਵਾਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲਿਮਵੁੱਡ ਹਲਕੇ ਦੇ ਹਰੇਕ ਭਾਈਚਾਰੇ ਵੱਲੋਂ ਭਰਪੂਰ ਸਮਰਥਨ ਹਾਸਲ ਹੈ। ਜਿਸ ਨੇ ਅਲਬਰਟਾ ਸੂਬੇ ਸ਼ਹਿਰ ਵਿੱਚ ਸਿਹਤ ਸਬੰਧੀ ਸਿਸਟਮ ਵਿੱਚ ਸੁਧਾਰ ਲਿਆਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।