ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਇਕ ਸਥਾਨਕ ਨੇਤਾ ਦੇ ਕਾਫਲੇ ’ਤੇ ਹੋਏ ਹਮਲੇ ’ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਕ ਐਬਟਾਬਾਦ ਦੇ ਸੀਨੀਅਰ ਪੁਲਸ ਮੁਖੀ ਸੈਯਦ ਮੁਖਤਾਰ ਸ਼ਾਹ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਕੁਝ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸੋਮਵਾਰ ਸ਼ਾਮ ਐਬਟਾਬਾਦ ਜ਼ਿਲ੍ਹੇ ਦੇ ਲੰਗੜਾ ਪਿੰਡ ’ਚ ਕਾਫਲੇ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।
ਪੁਲਸ ਮੁਤਾਬਕ ਮ੍ਰਿਤਕਾਂ ’ਚ ਉਪ-ਜ਼ਿਲ੍ਹਾ ਹਵੇਲੀਆਂ ਦੇ ਮੁਖੀ ਆਤਿਫ ਮੁੰਸਿਫ ਖਾਨ, ਉਨ੍ਹਾਂ ਦੇ 4 ਨਿੱਜੀ ਸੁਰੱਖਿਆ ਗਾਰਡ, ਇਕ ਪੁਲਸ ਕਰਮਚਾਰੀ ਅਤੇ ਹੋਰ ਲੋਕ ਸ਼ਾਮਲ ਹਨ, ਜੋ ਇਕ ਅੰਤਿਮ ਸੰਸਕਾਰ ’ਚ ਸ਼ਾਮਲ ਹੋ ਕੇ ਪਰਤ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਅਜੇ ਸਪੱਸ਼ਟ ਨਹੀਂ ਹੈ ਕਿ ਇਹ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਸੀ ਜਾਂ ਨਹੀਂ।