ਤੁਸੀਂ ਭਾਰਤ ਵਿੱਚ 1, 2, 5, 10, 20, 50, 100, 200, 500, 1000 ਤੇ 2000 ਦੇ ਨੋਟ ਵੇਖੇ ਹੋਣਗੇ। ਹਾਲਾਂਕਿ 8 ਨਵੰਬਰ 2016 ‘ਚ ਨੋਟਬੰਦੀ ਦੌਰਾਨ 500 ਤੇ 1000 ਦੇ ਨੋਟਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ 500 ਤੇ 2000 ਦੇ ਨਵੇਂ ਨੋਟ ਸਰਕੁਲੇਸ਼ਨ ‘ਚ ਆਏ ਸੀ।
ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਦੇਸ਼ ‘ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ। ਤੁਹਾਨੂੰ ਸੁਣਨ ‘ਚ ਮਜ਼ਾਕੀਆ ਲੱਗੇਗਾ ਪਰ ਇਹ ਸੱਚ ਹੈ।
ਦਰਅਸਲ, ਇਹ ਨੋਟ ਦੇਸ਼ ‘ਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਮਕਸਦ ਨਾਲ ਛਾਪੇ ਗਏ ਸਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 0 ਰੁਪਏ ਦੇ ਨੋਟ ਨਾਲ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਓ ਦੱਸਦੇ ਹਾਂ ਕੀ ਸੀ ਪੂਰਾ ਮਾਮਲਾ…
ਭਾਰਤ ‘ਚ ਛਾਪਿਆ ਜਾਂਦਾ ਸੀ 0 ਰੁਪਏ ਦਾ ਨੋਟ
ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ਹਰ ਪੱਧਰ ਦੇ ਲੋਕ ਭ੍ਰਿਸ਼ਟਾਚਾਰ ‘ਚ ਲਿਪਤ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਲੋਕ ਅਜਿਹੇ ਹਨ ਜੋ ਰਿਸ਼ਵਤ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ‘ਚ 0 ਰੁਪਏ ਦੇ ਨੋਟ ਛਾਪੇ ਗਏ ਸਨ।
ਦਰਅਸਲ, ਇਹ ਨੋਟ ਰਿਜ਼ਰਵ ਬੈਂਕ ਨੇ ਨਹੀਂ ਸਗੋਂ ਇੱਕ NGO ਨੇ ਛਾਪਿਆ ਸੀ। ਭਾਰਤ ‘ਚ ਇੱਕ ਐਨਜੀਓ ਫਿਫਥ ਪਿੱਲਰ (Fifth Pillar NGO in India) ਵੱਲੋਂ ਸਾਲ 2007 ‘ਚ ਜ਼ੀਰੋ ਰੁਪਏ ਦੇ ਨੋਟ ਛਾਪੇ ਗਏ ਸਨ। ਇਨ੍ਹਾਂ NGO ਨੇ ਇਹ ਨੋਟ 4 ਭਾਸ਼ਾਵਾਂ ਹਿੰਦੀ, ਤੇਲਗੂ, ਕੰਨੜ ਤੇ ਮਲਿਆਲਮ ‘ਚ ਛਾਪੇ ਸਨ। ਇਸ ਨੋਟ ‘ਤੇ ਲਿਖਿਆ ਹੈ ਕਿ ਮੈਂ ਨਾ ਤਾਂ ਰਿਸ਼ਵਤ ਲਵਾਂਗਾ ਤੇ ਨਾ ਹੀ ਦੇਵਾਂਗਾ ਤੇ ਨੋਟ ‘ਤੇ ਕਰੀਬ 5 ਲੱਖ ਲੋਕਾਂ ਦੇ ਦਸਤਖ਼ਤ ਸਨ।