ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨੋਇਡਾ ਸੈਕਟਰ-20 ਕੋਤਵਾਲੀ ’ਚ ਇਕ ਨਿਊਜ਼ ਚੈਨਲ ਦੇ ਮੈਨੇਜਰ ਐਡਮਿਨ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਬੇਪਛਾਣ ਵਿਅਕਤੀ ਨੇ ਉਨ੍ਹਾਂ ਦੀ ਕੰਪਨੀ ਦੇ ਚੀਫ ਫਾਈਨੈਂਸ ਆਫਿਸਰ ਨੂੰ ਈ-ਮੇਲ ਕੀਤੀ ਹੈ। ਇਸ ’ਚ ਪ੍ਰਧਾਨ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਮੇਤ ਕਈ ਅਹਿਮ ਲੋਕਾਂ ਦੀ ਹੱਤਿਆ ਦੀ ਧਮਕੀ ਦਿੱਤੀ ਗਈ ਹੈ। ਨੋਇਡਾ ਪੁਲਿਸ ਨੂੰ ਇਸ ਮਾਮਲੇ ’ਚ ਅਹਿਮ ਸੁਰਾਗ ਮਿਲੇ ਹਨ।
ਪੁਲਿਸ ਨੇ ਕੇਸ ਦਰਜ ਕਰਨ ਦੇ ਨਾਲ ਹੀ ਕੁਝ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ’ਚ ਪੁਲਿਸ ਦੀਆਂ ਤਿੰਨ ਟੀਮਾ ਲੱਗੀਆਂ ਹਨ। ਮੁਲਜ਼ਮ ਦਾ ਨਾਂ ਕਾਰਤਿਕ ਸਿੰਘ ਦੱਸਿਆ ਜਾ ਰਿਹਾ ਹੈ। ਸਹਾਇਕ ਪੁਲਿਸ ਕਮਿਸ਼ਨਰ ਰਜਨੀਸ਼ ਵਰਮਾ ਨੇ ਦੱਸਿਆ ਕਿ ਵਿਜੇ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਸੀਐੱਫਓ ਪੁਸ਼ਨ ਚੱਕਰਵਰਤੀ ਨੂੰ ਈ-ਮੇਲ ਭੇਜ ਕੇ ਬੇਪਛਾਣ ਵਿਅਕਤੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ਸਮੇਤ ਕਈ ਅਹਿਮ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਸਾਇਕੋ ਜਾਂ ਪ੍ਰੇਮ ’ਚ ਨਾਕਾਮ ਵਿਅਕਤੀ ਨੇ ਅਜਿਹੀ ਹਰਕਤ ਕੀਤੀ ਹੈ।