ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਪਿੰਡ ਚਾਉਂਕੇ ਦਾ ਪਹਿਲਵਾਨ ਗੁਰਸੇਵਕ ਸਿੰਘ ਕੁਸ਼ਤੀ ਮੁਕਾਬਲਿਆਂ ’ਚ ਮੱਲਾਂ ਮਾਰ ਕੇ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ’ਤੇ ਪੰਜਾਬ ਦਾ ਨਾਮ ਚਮਕਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਲਵਾਨ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 2 ਲੱਖ ਰੁਪਏ ਦਾ ਨਕਦ ਇਨਾਮ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਭਲਵਾਨ ਗੁਰਸੇਵਕ ਸਿੰਘ ਨੇ ਸਾਲ 2022 ਚ ਗੁਜਰਾਤ ਵਿਖੇ ਹੋਈਆਂ ਖੇਡਾਂ ਸੀਨੀਅਰ ਨੈਸ਼ਨਲ ਗੇਮਜ਼ ’ਚ ਤੀਸਰਾ ਸਥਾਨ ਹਾਸਲ ਕਰ ਕੇ ਬਰਾਊਨਜ਼ ਮੈਡਮ ਆਪਣੇ ਨਾਮ ਕੀਤਾ ਹੈ। ਜ਼ਿਲ੍ਹੇ ਦੇ ਪਿੰਡ ਚਾਉਂਕੇ ਦੇ ਵਸਨੀਕ ਸੁਖਪਾਲ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਕੁੱਖੋਂ 10 ਜੁਲਾਈ 1996 ਨੂੰ ਜਨਮੇ ਭਲਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਬੀਐੱਸਐੱਫ ’ਚ ਨੌਕਰੀ ਕਰ ਰਿਹਾ ਹੈ। ਉਹ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦੇ ਸਨ। ਇਸ ਹੋਣਹਾਰ ਭਲਵਾਨ ਨੇ ਹੋਰ ਦੱਸਿਆ ਕਿ ਉਹ ਆਪਣੀ ਕੁਸ਼ਤੀ ਦੇ ਜੌਹਰ ਦਿਖਾ ਕੇ ਹੁਣ ਤਕ 9 ਵਾਰ ਗੋਲਡ ਮੈਡਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚ ਹੋਈਆਂ ਖੇਡਾਂ ਦੌਰਾਨ 5 ਵਾਰ ਬੁਲਟ ਤੇ 10 ਵਾਰ ਛੋਟੇ ਮੋਟਰਸਾਈਕਲ, 12 ਮੱਝਾਂ-ਝੋਟੀਆਂ ਅਤੇ ਕਈ ਤੋਲੇ ਸੋਨਾ ਜਿੱਤ ਚੁੱਕਾ ਹੈ।ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜੁਲਾਈ ਤੇ ਅਗਸਤ 2023 ਦੌਰਾਨ ਵਰਲਡ ਪੁਲਿਸ ਗੇਮਜ਼ ’ਚ ਕੈਨੇਡਾ ਦੇ ਸ਼ਹਿਰ ਵਿਨੀਪੈਗ ’ਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ’ਚ ਆਪਣੀ ਕੁਸ਼ਤੀ ਦੇ ਕਰਤੱਬ ਦਿਖਾਵੇਗਾ। ਸਾਲ 2005 ਤੋਂ ਭਲਵਾਨੀ ਕਰ ਰਹੇ ਗੁਰਸੇਵਕ ਸਿੰਘ ਨੇ ਭਾਰਤ ਦੇ ਵੱਖ-ਵੱਖ ਖੇਡ ਮੈਦਾਨਾਂ ’ਚ ਆਪਣੀ ਸਖ਼ਤ ਮਿਹਨਤ ਨਾਲ ਖਿਡਾਰੀਆਂ ਨੂੰ ਹਰਾ ਕੇ ਲੋਹਾ ਮਨਵਾਇਆ ਹੈ।
ਗੁਰਸੇਵਕ ਸਿੰਘ ਸਾਲ 2016 ’ਚ ਪਟਨਾ ਵਿਖੇ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤਿਆ। ਸਾਲ 2017 ’ਚ ਪੁਣੇ ਵਿਖੇ ਹੋਈਆ ਆਲ ਇੰਡੀਆ ਪੁਲਿਸ ਗੇਮਾਂ ’ਚੋਂ ਦੂਸਰੇ ਨੰਬਰ ’ਤੇ ਰਹੇ। ਸਾਲ 2018 ’ਚ ਜੈਪੁਰ (ਰਾਜਸਥਾਨ) ਵਿਖੇ ਹੋਈਆਂ ਆਲ ਇੰਡੀਆ ਪੁਲਿਸ ਗੇਮਾਂ ’ਚੋਂ 125 ਤੇ 130 ਕਿੱਲੋ ਭਾਰ ਦੋ ਵਾਰ ਖੇਡੇ ਜਿਨ੍ਹਾਂ ਵਿਚੋਂ ਤੀਸਰੀ ਪੁਜ਼ੀਸ਼ਨ ਹਾਸਲ ਕਰ ਕੇ ਬਰਾਊਨਜ਼ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਾਲ 2019 ਦੌਰਾਨ ਫ਼ਰੀਦਕੋਟ ਵਿਖੇ ਸਾਲਾਨਾ ਬਾਬਾ ਫ਼ਰੀਦ ਮੇਲੇ ਦੌਰਾਨ ਕੁਸ਼ਤੀ ‘ਪੰਜਾਬ ਕੇਸਰੀ’ ਦਾ ਟਾਈਟਲ ਆਪਣੇ ਸਿਰ ਸਜਾਇਆ।ਭਲਵਾਨ ਗੁਰਸੇਵਕ ਦਾ ਕਹਿਣਾ ਹੈ ਕਿ ਉਹ ਮਹਾਰਾਸ਼ਟਰ ਦੇ ਸ਼ਿਰਡੀ ਸ਼ਹਿਰ ’ਚ ਸਾਲ 2019 ’ਚ ਅੰਡਰ-23 ਦੌਰਾਨ ਨੈਸ਼ਨਲ ਚੈਪੀਅਨਸ਼ਿਪ ਗੇਮਾਂ ’ਚ ਤੀਜੇ ਸਥਾਨ ’ਤੇ ਰਹੇ ਤੇ ਬਰਾਊਨਜ਼ ਮੈਡਲ ਹਾਸਲ ਕੀਤਾ। ਸਾਲ 2019 ਤੇ 2020 ਦੌਰਾਨ ਆਨੰਦਪੁਰ ਵਿਖੇ ਹੋਲੇ ਮਹੱਲੇ ਚ ‘ਪੰਜਾਬ ਕੇਸਰੀ’ ਦਾ ਖ਼ਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਸਾਲ 2020 ’ਚ ਮਧੂਵਨ (ਹਰਿਆਣਾ) ਆਲ ਇੰਡੀਆ ਪੁਲਿਸ ਗੇਮਾਂ ’ਚ 125 ਤੇ 130 ਕਿੱਲੋ ਭਾਰ ਵਰਗ ’ਚ ਪਹਿਲੇ ਨੰਬਰ ’ਤੇ ਆ ਕੇ ਦੋ ਗੋਲਡ ਮੈਡਲ ਜਿੱਤੇ। ਸਾਲ 2021 ’ਚ ਗੌਂਡਾ (ਉੱਤਰ ਪ੍ਰਦੇਸ਼) ’ਚ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ’ਚ ਤੀਸਰਾ ਸਥਾਨ ਹਾਸਲ ਕੀਤਾ।
ਗੁਰਸੇਵਕ ਦਾ ਦੱਸਣਾ ਹੈ ਕਿ ਉਸ ਨੇ ਸਾਲ 2022 ’ਚ ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਹੋਈਆਂ ਆਲ ਇੰਡੀਆ ਪੁਲਿਸ ਗੇਮਜ਼ ’ਚ ਪਹਿਲੇ ਨੰਬਰ ’ਤੇ ਆ ਕੇ ਗੋਲਡ ਮੈਡਲ ਆਪਣੇ ਗਲ ’ਚ ਸਜਾਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਵੀ ਸਖ਼ਤ ਮਿਹਨਤ ਤੇ ਲਗਨ ਨਾਲ ਖੇਡਾਂ ਰਾਹੀਂ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਲਿਆ ਸਕਦੇ ਹਨ।