ਅਜਨਾਲਾ ਨੇੜਲੇ ਪਿੰਡ ਈਸਾਪੁਰ ਦੇ ਇਟਲੀ ਰਹਿੰਦੇ ਨੌਜਵਾਨ ਅਮਰਾਜ ਸਿੰਘ ਸ਼ੈਰੀ ਪੁੱਤਰ ਹਰਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖਬਰ ਹੈ। ਇਹ ਮੰਦਭਾਗੀ ਘਟਨਾ ਬੀਤੇ ਦਿਨੀਂ ਇਟਲੀ ਦੇ ਜ਼ਿਲ੍ਹਾ ਲਤੀਨਾ ਕਸਬਾ ਸਬੋਧੀਆ ਨੇੜਲੇ ਬੋਰਗੋ ਸੰਨਦੋਨਾਤੋ ਵਿਖੇ ਵਾਪਰੀ।ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਸਰਤਾਜ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਰਾਜ ਸਿੰਘ ਸ਼ੈਰੀ (38) ਪੁੱਤਰ ਹਰਿੰਦਰ ਸਿੰਘ ਰੁਜ਼ਗਾਰ ਲਈ 2004 ’ਚ ਇਟਲੀ ਗਿਆ ਸੀ, ਜਦਕਿ ਬੀਤੇ ਦਿਨੀਂ ਸ਼ਾਮ ਜਦੋਂ ਉਹ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਦੂਸਰੇ ਪਾਸਿਓਂ ਆ ਰਹੀ ਕਾਰ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਮ੍ਰਿਤਕ ਸ਼ੈਰੀ ਵਿਆਹਿਆ ਹੋਇਆ ਸੀ ਤੇ ਉਸ ਦੀ ਇਕ ਲੜਕੀ ਵੀ ਹੈ। ਸਰਤਾਜ ਸਿੰਘ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਅਮਰਾਜ ਸਿੰਘ ਸ਼ੈਰੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ ਤਾਂ ਜੋ ਪਰਿਵਾਰ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ।