ਲਗਾਤਾਰ ਤੇ ਨਿਰੰਤਰ ਮੀਂਹ ਅਤੇ ਜਲ ਭੰਡਾਰਾਂ ਦੇ ਵਧੇ ਪੱਧਰ ਕਾਰਨ ਸੂਬੇ ਵਿੱਚ ਪੈਦਾ ਹੋਈ ਸਥਿਤੀ ਬਹਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਵੱਲੋਂ ਕੰਮ ਜੰਗੀ ਪੱਧਰ ਉਤੇ ਜਾਰੀ ਹਨ ਅਤੇ ਸੰਵੇਦਨਸ਼ੀਲ ਥਾਂਵਾਂ ਉਤੇ ਵਾਧੂ ਸਟਾਫ ਨੂੰ ਤਾਇਨਾਤ ਕਰਨ ਦੇ ਨਾਲ ਲੋੜੀਂਦੇ ਤਰਜੀਹੀ ਕੰਮਾਂ ਨੂੰ ਪਹਿਲ ਦੇ ਆਧਾਰ ਉਤੇ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵਿਭਾਗ ਤੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਹੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਰਾਹਤ ਕਾਰਜਾਂ ਵਿੱਚ ਢਿੱਲ ਨਹੀਂ ਵਰਤੀ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਕਰਮਚਾਰੀ ਜਿੱਥੇ ਵੱਖ-ਵੱਖ ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਕੁਦਰਤੀ ਵਹਾਅ ਵਾਲੇ ਰਸਤਿਆਂ ਉੱਤੇ ਨਿਰੰਤਰ ਚੌਕਸੀ ਰੱਖਦੇ ਹੋਏ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ, ਉਥੇ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਣੀ ਵਿਚ ਡੁੱਬੇ ਬਿਜਲੀ ਗਰਿੱਡਾਂ ਉੱਤੇ ਇਕੱਠੇ ਹੋਏ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਹੈ। ਹੁਣ ਤੱਕ ਤਿੰਨ ਵੱਡੇ ਬਿਜਲੀ ਗਰਿੱਡਾਂ ਉੱਤੇ ਪਾਣੀ ਦੀ ਨਿਕਾਸੀ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।