ਆਮ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਐਤਵਾਰ ਤੋਂ ਟਮਾਟਰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਇਹ 90 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ। ਸਰਕਾਰ ਨੇ ਕਿਹਾ ਕਿ ਉਸਨੇ ਦੇਸ਼ ਭਰ ਵਿੱਚ 500 ਤੋਂ ਵੱਧ ਸਥਾਨਾਂ ‘ਤੇ ਕੀਮਤਾਂ ਦਾ ਮੁੜ ਮੁਲਾਂਕਣ ਕਰਨ ਤੋਂ ਬਾਅਦ 16 ਜੁਲਾਈ ਤੋਂ 80 ਰੁਪਏ ਪ੍ਰਤੀ ਕਿਲੋ ਟਮਾਟਰ ਵੇਚਣ ਦਾ ਫੈਸਲਾ ਕੀਤਾ ਹੈ।
ਬੀਤੇ ਕੱਲ੍ਹ ਤੋਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਣਸੀ, ਪਟਨਾ, ਮੁਜ਼ੱਫਰਪੁਰ ਅਤੇ ਅਰਾਹ ਵਿੱਚ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NCCF) ਰਾਹੀਂ ਵਿਕਰੀ ਸ਼ੁਰੂ ਹੋ ਗਈ ਹੈ।
ਅੱਜ ਸੋਮਵਾਰ ਤੋਂ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਸਸਤੇ ਟਮਾਟਰਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਸਰਕਾਰ ਨੇ ਕਿਹਾ ਕਿ ਥੋਕ ਭਾਅ ਘਟਣ ਕਾਰਨ ਕੀਮਤਾਂ ਘਟੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਵੇਲੇ ਟਮਾਟਰ ਦੀ ਔਸਤ ਕੀਮਤ 117 ਰੁਪਏ ਪ੍ਰਤੀ ਕਿਲੋ ਹੈ।
ਦਿੱਲੀ ਐਨਸੀਆਰ ਵਿੱਚ ਸ਼ੁੱਕਰਵਾਰ ਤੋਂ ਸਸਤੇ ਟਮਾਟਰਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਇੱਥੇ ਲਗਭਗ 18,000 ਕਿਲੋ ਟਮਾਟਰ ਮੋਬਾਈਲ ਵੈਨਾਂ ਰਾਹੀਂ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਗਏ। ਦੂਜੇ ਪਾਸੇ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ ਦਿੱਲੀ ‘ਚ 178 ਰੁਪਏ ਪ੍ਰਤੀ ਕਿਲੋ, ਮੁੰਬਈ ‘ਚ 150 ਰੁਪਏ ਅਤੇ ਚੇਨਈ ‘ਚ 132 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹਾਪੁੜ ਵਿੱਚ ਟਮਾਟਰ ਦੀ ਵੱਧ ਤੋਂ ਵੱਧ ਕੀਮਤ 250 ਰੁਪਏ ਪ੍ਰਤੀ ਕਿਲੋ ਹੈ।