ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰੈਮਟਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੰਜੇ ਤਿੰਨ ਸਾਲ ਪਹਿਲਾਂ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਚਲਾ ਗਿਆ ਸੀ। ਉਹ ਕੈਨੇਡਾ ਵਿੱਚ ਇੱਕ ਡਰਾਈਵਿੰਗ ਸਕੂਲ ਵਿੱਚ ਕੰਮ ਕਰਦਾ ਸੀ। ਉਹ ਨੌਜਵਾਨਾਂ ਨੂੰ ਗੱਡੀ ਚਲਾਉਣੀ ਸਿਖਾਉਂਦਾ ਸੀ। ਬੀਤੀ ਰਾਤ ਉਹ ਕੰਮ ਤੋਂ ਵਾਪਸ ਆ ਕੇ ਆਪਣੇ ਅਪਾਰਟਮੈਂਟ ਵਿੱਚ ਸੁੱਤਾ ਪਿਆ ਸੀ। ਜਦੋਂ ਸਵੇਰੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਮਾਪਿਆਂ ਨੇ ਮੁੰਡੇ ਦੇ ਦੋਸਤਾਂ ਨੂੰ ਫੋਨ ਕੀਤਾ। ਦੋਸਤਾਂ ਨੇ ਜਾ ਕੇ ਦੇਖਿਆ ਤਾਂ ਸੰਜੇ ਮਰ ਚੁੱਕਾ ਸੀ। ਦੱਸ ਦਈਏ ਕਿ ਸੰਜੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਕੁਝ ਦਿਨਾਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਮਿਲਣ ਕੈਨੇਡਾ ਜਾਣਾ ਸੀ। ਪੁੱਤਰ ਵੱਲੋਂ ਪਿਤਾ ਦੇ ਕੈਨੇਡਾ ਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਰ ਇਸ ਮੰਦਭਾਗੀ ਖਬਰ ਨੇ ਪਰਿਵਾਰ ਦਾ ਦਿਲ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ।