Home » ਚੀਨ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, 27 ਲਾਪਤਾ; ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਚੇਤਾਵਨੀ…
Home Page News World World News

ਚੀਨ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, 27 ਲਾਪਤਾ; ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਚੇਤਾਵਨੀ…

Spread the news

ਚੀਨ ਦੀ ਰਾਜਧਾਨੀ ਬੀਜਿੰਗ ‘ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਮੁਤਾਬਿਕ ਹੜ੍ਹਾਂ ‘ਚ 27 ਲੋਕ ਲਾਪਤਾ ਹੋ ਚੁੱਕੇ ਹਨ। ਕਈ ਦਿਨਾਂ ਦੀ ਲਗਾਤਾਰ ਭਾਰੀ ਬਾਰਿਸ਼ ਤੋਂ ਬਾਅਦ ਪੱਛਮੀ ਬੀਜਿੰਗ ਦੇ ਮੈਂਟੌਗੂ ਜ਼ਿਲ੍ਹੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਬੀਜਿੰਗ ਦੇ ਇਕ ਹੋਰ ਬਾਹਰੀ ਜ਼ਿਲ੍ਹੇ ‘ਚ ‘ਚ ਐਤਵਾਰ ਤੋਂ ਇਕ ਦਹਾਕੇ ‘ਚ ਸਭ ਤੋਂ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਸ਼ਨਿਚਰਵਾਰ ਸਵੇਰੇ 8 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਦੇ ਵਿਚਕਾਰ ਬੀਜਿੰਗ ਦੀ ਔਸਤ ਬਾਰਿਸ਼ 138.3 ਮਿਲੀਮੀਟਰ ਸੀ, ਕੁੱਲ 2.097 ਬਿਲੀਅਨ ਘਣ ਮੀਟਰ ਬਾਰਿਸ਼ ਹੋਈ। ਬੀਜਿੰਗ ਮਿਊਂਸੀਪਲ ਫਲੱਡ ਕੰਟਰੋਲ ਦਫ਼ਤਰ ਦੇ ਡਿਪਟੀ ਕਮਾਂਡਰ ਲਿਊ ਬਿਨ ਨੇ ਕਿਹਾ, ‘ਬੀਜਿੰਗ ਵਿੱਚ ਔਸਤ ਬਾਰਿਸ਼ 21 ਜੁਲਾਈ, 2012 ਦੇ ਤੂਫ਼ਾਨ ਦੇ ਪੱਧਰ ਨੂੰ ਛੂਹ ਗਈ ਹੈ, ਜਿਸ ਵਿਚ ਭਾਰੀ ਮੀਂਹ ਕਾਰਨ 79 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਫਾਂਗਸ਼ਾਨ ਅਤੇ ਮੈਂਟੌਗੂ ਵਿਚ ਔਸਤ ਮੀਂਹ ਜ਼ਿਲੇ 400 ਮਿਲੀਮੀਟਰ ਤੱਕ ਪਹੁੰਚ ਗਿਆ ਹੈ, ਜੋ 21 ਜੁਲਾਈ 2012 ਨੂੰ ਹੋਈ ਬਾਰਿਸ਼ ਤੋਂ ਵੱਧ ਹੈ। ਬੀਜਿੰਗ ਮਿਊਂਸੀਪਲ ਫਲੱਡ ਕੰਟਰੋਲ ਵਿਭਾਗ ਦੇ ਅੰਕੜਿਆਂ ਮੁਤਾਬਿਕ ਸੋਮਵਾਰ ਰਾਤ 8 ਵਜੇ ਤੱਕ ਬੀਜਿੰਗ ਸ਼ਹਿਰ ‘ਚ ਹੜ੍ਹ ਨਾਲ ਪ੍ਰਭਾਵਿਤ 52,384 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਕਈ ਸੜਕਾਂ ਨੁਕਸਾਨੀਆਂ ਗਈਆਂ, ਜਿਸ ਕਾਰਨ 107 ਪਹਾੜੀ ਸੜਕਾਂ ਨੂੰ ਬੰਦ ਕਰਨਾ ਪਿਆ। ਬੀਜਿੰਗ ਦੇ ਹੜ੍ਹ ਨਿਯੰਤਰਣ ਦਫਤਰ ਅਨੁਸਾਰ ਮੀਂਹ ਕਾਰਨ ਮੈਂਟੌਗੂ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਅਤੇ ਹੜ੍ਹਾਂ ਨੇ ਇੱਥੇ ਤਬਾਹੀ ਮਚਾਈ ਹੋਈ ਹੈ। ਬੀਜਿੰਗ ਮਿਊਂਸੀਪਲ ਮੌਸਮ ਵਿਭਾਗ ਨੇ ਸੋਮਵਾਰ ਨੂੰ ਕੁਝ ਇਲਾਕਿਆਂ ‘ਚ ਮੀਂਹ ਅਤੇ ਤੂਫਾਨ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਬੀਜਿੰਗ ਦੇ ਫਾਂਗਸ਼ਾਨ, ਮੈਂਟੌਗੂ ਅਤੇ ਫੇਂਗਤਾਈ ਜ਼ਿਲ੍ਹਿਆਂ ‘ਚ ਜ਼ਮੀਨ ਖਿਸਕਣ ਵਰਗੀ ਤਬਾਹੀ ਦਾ ਖਤਰਾ ਹੈ।