ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਉੱਤਰਾਖੰਡ ਵਿਚ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨਾ ਸੂਬੇ ਦੇ ਸਿੱਖਾਂ ਵਾਸਤੇ ਵੱਡਾ ਫੈਸਲਾ ਹੈ ਤੇ ਇਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਫੈਸਲੇ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਇਹ ਸਿੱਖਾਂ ਦੀ ਚਿਰੋਕਣੀ ਮੰਗ ਸੀ ਜੋ ਧਾਮੀ ਸਰਕਾਰ ਨੇ ਸੂਬੇ ਵਿਚ ਪੂਰੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਦੀ ਬਦੌਲਤ ਹੁਣ ਸਿੱਖਾਂ ਦੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਹੋ ਸਕੇਗੀ ਤੇ ਇਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ, ਖਾਸ ਤੌਰ ’ਤੇ ਵਿਦੇਸ਼ ਜਾਣ ਵਾਲੇ ਜੋੜਿਆਂ ਦੀ ਵੱਡੀ ਮੁਸ਼ਕਿਲ ਦੂਰ ਹੋਵੇਗੀ।
ਉਹਨਾਂ ਕਿਹਾ ਕਿ ਸਾਰੇ ਸੂਬੇ ਹੁਣ ਇਕ-ਇਕ ਕਰ ਕੇ ਇਹ ਐਕਟ ਲਾਗੂ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਆਸਾਮ ਸਰਕਾਰ ਨੇ ਇਸਨੂੰ ਲਾਗੁ ਕੀਤਾ ਤੇ ਹੁਣ ਉੱਤਰਾਖੰਡ ਸਰਕਾਰ ਨੇ ਇਸਨੂੰ ਲਾਗੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਐਕਟ ਪਹਿਲਾਂ ਹੀ ਬਹੁ ਗਿਣਤੀ ਸੂਬਿਆਂ ਵਿਚ ਲਾਗੁ ਹੋ ਚੁੱਕਾ ਹੈ ਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਯੂ ਪੀ ਤੇ ਹੋਰ ਵੱਡੇ ਰਾਜ ਇਸ ਐਕਟ ਨੂੰ ਲਾਗੂ ਕਰ ਦੇਣਗੇ।