ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੀਨੀਅਰ ਕਾਂਗਰਸ ਲੀਡਰਸ਼ਿਪ, ਵਰਕਰਾਂ, ਅਹੁਦੇਦਾਰਾਂ, ਵਲੰਟੀਅਰਾਂ ਅਤੇ ਸਮਰਥਕਾਂ ਨੇ ਅੱਜ ਤਰਨਤਾਰਨ ਵਿੱਚ ਹੜ੍ਹਾਂ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।
ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਵੱਲੋਂ ਰੇਤ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਬਜਾਏ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ‘ਚ ਪਈ ਰੇਤ ਨੂੰ ਵੇਚਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਦੇ ਸਾਕਾਰਾਤਮਕ ਨਤੀਜੇ ਨਿਕਲਣਗੇ, ਇੱਕ ਤਾਂ ਕਿਸਾਨ ਰੇਤ ਤੋਂ ਛੁਟਕਾਰਾ ਪਾਵੇਗਾ ਤੇ ਦੂਜਾ ਖਪਤਕਾਰ ਰੇਤ ਮਾਫੀਆ ਦੀ ਸ਼ਮੂਲੀਅਤ ਤੋਂ ਬਿਨਾਂ ਘੱਟ ਰੇਟ ‘ਤੇ ਰੇਤ ਪ੍ਰਾਪਤ ਕਰ ਸਕਣਗੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਮੁੱਖ ਮੰਤਰੀ ਆਪਣੇ ਹੀ ਮੰਤਰੀਆਂ ਦੀ ਸਰਪ੍ਰਸਤੀ ਹੇਠ ਵਧ-ਫੁੱਲ ਰਹੇ ਰੇਤ ਮਾਫ਼ੀਆ ਖ਼ਿਲਾਫ਼ ਸਖ਼ਤ ਸਟੈਂਡ ਲੈਣ।
ਤਰਨਤਾਰਨ ਵਿੱਚ ਹਾਲ ਹੀ ਵਿੱਚ ਇੱਕ 9 ਸਾਲਾ ਬੱਚੇ ਦੇ ਅਗਵਾ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਅਣਹੋਂਦ ਸੂਬੇ ਨੂੰ ਮੁੜ ‘ਅਸ਼ਾਂਤੀ’ ਦੇ ਦਿਨਾਂ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਕਤਲ, ਲੁੱਟਾਂ-ਖੋਹਾਂ, ਵਧ ਰਿਹਾ ਗੈਂਗ ਕਲਚਰ, ਫਿਰੌਤੀ ਅਤੇ ਹੁਣ ਅਗਵਾ ਇਹ ਸਭ ਗੰਭੀਰ ਚਿੰਤਾਵਾਂ ਹਨ ਜਿਨ੍ਹਾਂ ਵੱਲ ਮੁੱਖ ਮੰਤਰੀ ਦੇ ਫੌਰੀ ਧਿਆਨ ਦੀ ਲੋੜ ਹੈ। ਵੜਿੰਗ ਨੇ ਭਗਵੰਤ ਮਾਨ ਨੂੰ ਇਸ਼ਤਿਹਾਰਬਾਜ਼ੀ ਗਤੀਵਿਧੀਆਂ ਨੂੰ ਕੁਝ ਸਮੇਂ ਲਈ ਰੋਕਣ ਅਤੇ ਅਗਵਾ ਹੋਏ ਬੱਚੇ ਦੀ ਸੁਰੱਖਿਅਤ ਬਰਾਮਦਗੀ ਨੂੰ ਯਕੀਨੀ ਬਣਾਉਣ ‘ਤੇ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਧਿਆਨ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਵੱਲ ਹੋਣਾ ਚਾਹੀਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਿਸਾਨਾਂ ਨੂੰ 9000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਬਿਲਕੁਲ ਵੀ ਜਾਇਜ਼ ਨਹੀਂ ਹੈ। ਧਰਨੇ ਦੌਰਾਨ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ,ਸਾਬਕਾ ਵਿਧਾਇਕ ਕੁਲਬੀਰ ਜੀਰਾ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਤਰਸੇਮ ਸਿੰਘ ਸਿਆਲਕਾ, ਹਰਮਿੰਦਰ ਸਿੰਘ ਗਿੱਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਅਤੇ ਅਹੁਦੇਦਾਰ ਸ਼ਾਮਲ ਸਨ।
ਕਾਂਗਰਸ ਪਾਰਟੀ ਨੇ ਕਿਸਾਨਾਂ ਲਈ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ, ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਉਨ੍ਹਾਂ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ, ਜ਼ਖਮੀਆਂ ਨੂੰ 5-5 ਲੱਖ ਅਤੇ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ। ਵੜਿੰਗ ਨੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਦੁਕਾਨਦਾਰਾਂ ਲਈ 2 ਲੱਖ ਰੁਪਏ, ਮਾਲਕਾਂ ਲਈ 50,000 ਰੁਪਏ ਜਿਨ੍ਹਾਂ ਦੇ ਦੁਧਾਰੂ ਪਸ਼ੂ ਕੁਦਰਤੀ ਆਫ਼ਤ ਵਿੱਚ ਮਾਰੇ ਗਏ ਹਨ।