ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਣਨ ਵਿਭਾਗ ਨੇ ਨਾਜਾਇਜ਼ ਖਣਨ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸਦਿਆਂ ਪਿਛਲੇ ਦੋ ਦਿਨਾਂ ਵਿੱਚ ਤਿੰਨ ਕੇਸ ਦਰਜ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਵਿਭਾਗ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਖਤ ਨੀਤੀ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਧਨਾਨਸੂ ਲੁਧਿਆਣਾ ਵਿਖੇ ਕੀਤੀ ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਖਣਨ ਦੁਆਰਾ ਕੱਢੀ ਗਈ ਰੇਤ ਨੂੰ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਜਮ੍ਹਾਂ ਕੀਤਾ ਜਾ ਰਿਹਾ ਸੀ।
ਖਣਨ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਵਿਭਾਗ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਨਾਜਾਇਜ਼ ਮਾਈਨਿੰਗ ਦੀਆਂ ਤਿੰਨ ਘਟਨਾਵਾਂ ਸਬੰਧੀ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਐਫ.ਆਈ.ਆਰਜ਼ ਕਲਵਾਂ ਚੌਂਕੀ ਅਤੇ ਨੰਗਲ ਥਾਣਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ ਅਤੇ ਪਿੰਡ ਸਵਾੜਾ/ਆਇਲਗਰਾਂ ਅਤੇ ਪਿੰਡ ਖੇੜਾ ਵਿਖੇ ਪੋਕਲੇਨ ਮਸ਼ੀਨਾਂ ਅਤੇ ਟਿੱਪਰਾਂ ਰਾਹੀਂ ਕੀਤੀ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਸਵਾੜਾ/ ਆਇਲਗਰਾਂ ਵਿਖੇ 26 ਅਗਸਤ ਨੂੰ ਐਫ.ਆਈ.ਆਰ. ਨੰ. 119 ਤਹਿਤ ਇੱਕ ਪੋਕਲੇਨ ਮਸ਼ੀਨ ਖਿਲਾਫ ਥਾਣਾ ਕਾਲਵਾਂ ਚੌਂਕੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਨੰਗਲ ਵਿਖੇ ਅੱਜ ਪਿੰਡ ਖੇੜਾ ਵਿਖੇ ਦੋ ਪੋਕਲੇਨ ਮਸ਼ੀਨਾਂ ਅਤੇ ਚਾਰ ਟਿੱਪਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪਿੰਡ ਖੇੜਾ ਵਿੱਚ ਇੱਕ ਪੋਕਲੇਨ ਮਸ਼ੀਨ ਖ਼ਿਲਾਫ਼ ਥਾਣਾ ਨੰਗਲ ਵਿਖੇ ਕੇਸ ਦਰਜ ਕੀਤਾ ਹੈ।ਨਜਾਇਜ਼ ਖਣਨ ਵਿੱਚ ਸ਼ਾਮਲ ਸਾਰੀਆਂ ਮਸ਼ੀਨਾਂ ਜ਼ਬਤ ਕਰ ਲਈਆਂ ਹਨ ਅਤੇ ਪੁਲਿਸ ਦੀ ਹਿਰਾਸਤ ਵਿੱਚ ਹਨ।