AMRIT VELE DA HUKAMNAMA, SRI DARBAR SAHIB, SRI AMRITSAR, ANG 479, 19-09-2023
ਆਸਾ ॥ ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥
(ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ); ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ ॥੧॥ (ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ? ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ ॥੧॥ ਰਹਾਉ॥ ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)। ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ ॥੨॥