ਸੋਸ਼ਲ ਮੀਡੀਆ ‘ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚਾਲੇ ਉਸ ਦਾ India Tour ਵੀ ਰੱਦ ਹੋ ਗਿਆ। ਇਸ ਮਗਰੋਂ ਹੁਣ ਪੰਜਾਬੀ ਗਾਇਕ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ੁੱਭ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਇਸ ਦੌਰੇ ਲਈ ਕਾਫ਼ੀ ਉਤਸ਼ਾਹਤ ਸੀ, ਪਰ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਨੇ ਉਸ ਦੀ ਮਿਹਨਤ ਨੂੰ ਢਾਹ ਲਗਾ ਦਿੱਤੀ ਹੈ। ਸ਼ੁੱਭ ਨੇ ਇਹ ਵੀ ਕਿਹਾ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ।
ਸ਼ੁੱਭ ਨੇ ਲਿਖਿਆ, “ਭਾਰਤ ਮੇਰਾ ਵੀ ਦੇਸ਼ ਹੈ। ਮੇਰਾ ਜਨਮ ਇੱਥੇ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲੱਗਿਆਂ ਅੱਖ ਝਪਕਣ ਤਕ ਦਾ ਸਮਾਂ ਵੀ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖ਼ੂਨ ਵਿਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ।
ਵਿਵਾਦਤ ਨਕਸ਼ੇ ਬਾਰੇ ਸਪਸ਼ਟੀਕਰਨ ਦਿੰਦਿਆਂ ਸ਼ੁੱਭ ਨੇ ਲਿਖਿਆ ਕਿ ਉਸ ਪੋਸਟ ਨੂੰ ਸਾਂਝਾ ਕਰਨ ਦਾ ਮੇਰਾ ਇਰਾਦਾ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ, ਕਿਉਂਕਿ ਸੂਬੇ ਭਰ ਵਿਚ ਬਿਜਲੀ ਅਤੇ ਇੰਟਰਨੈੱਟ ਬੰਦ ਹੋਣ ਦੀਆਂ ਖ਼ਬਰਾਂ ਸਨ। ਇਸ ਦੇ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਮੈਂ ਯਕੀਨੀ ਤੌਰ ‘ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੇਰੇ ‘ਤੇ ਲੱਗੇ ਦੋਸ਼ਾਂ ਨੇ ਮੈਨੂੰ ਡੂੰਘਾ ਪ੍ਰਭਾਵਤ ਕੀਤਾ ਹੈ। ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਉਪਦੇਸ਼ ਦਿੱਤਾ ਹੈ।