ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾ ਕੇ ਹੁਣ ਆਪਣੇ ਦੇਸ਼ ‘ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਮਾਮਲਾ ਕੈਨੇਡਾ ‘ਚ ਵੱਧਦੀ ਮਹਿੰਗਾਈ ਨਾਲ ਜੁੜਿਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਇਸ ਦਾ ਅਸਰ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਖ਼ਾਸ ਕਰ ਕੇ ਭਾਰਤ ਤੋਂ ਆਏ ਵਿਦਿਆਰਥੀਆਂ ‘ਤੇ ਪੈ ਰਿਹਾ ਹੈ। ਨਿੱਝਰ ਮਾਮਲੇ ‘ਚ ਭਾਰਤ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟਾਂ ਨੂੰ ਵੀ ਬਰਖ਼ਾਸਤ ਕਰ ਦਿੱਤਾ ਹੈ। ਇਹੀ ਨਹੀਂ ਕੁਝ ਵਪਾਰ ਸੌਦੇ ਜੋ ਹੋਣੇ ਸਨ, ਉਨ੍ਹਾਂ ਵੀ ਫ਼ਿਲਹਾਲ ਠੰਡੇ ਬਸਤੇ ‘ਚ ਪਾ ਦਿੱਤਾ ਗਿਆ ਹੈ। ਵਿਗੜੇ ਹਾਲਾਤ ਕਾਰਨ ਕੈਨੇਡਾ ‘ਚ ਮਹਿੰਗਾਈ ਸਿਖ਼ਰ ‘ਤੇ ਜਾ ਪਹੁੰਚੀ ਹੈ।
ਕੈਨੇਡਾ-ਭਾਰਤ ਦਰਮਿਆਨ ਸਾਲ 2023 ‘ਚ ਕਾਰੋਬਾਰ 8 ਬਿਲੀਅਨ ਡਾਲਰ ਯਾਨੀ 67 ਹਜ਼ਾਰ ਕਰੋੜ ਰੁਪਏ ਦਾ ਸੀ। ਅਜਿਹੇ ‘ਚ ਜੇਕਰ ਤਣਾਅ ਵਧਦਾ ਚਲਾ ਗਿਆ ਤਾਂ ਇਸ ਨਾਲ ਅਰਥਵਿਵਸਥਾ ਨੂੰ ਕਰੀਬ 67 ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਕੋਨਾਮੀ ਵਾਰ ਤੋਂ ਬਾਅਦ ਹੁਣ ਆਮ ਜਨਤਾ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਕੈਨੇਡਾ-ਭਾਰਤ ਵਿਵਾਦ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਨ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ‘ਚ ਮਹਿੰਗਾਈ ਘੱਟ ਹੋਣ ਦੀ ਬਜਾਏ ਵੱਧ ਸਕਦੀ ਹੈ। ਇਸ ਮੁੱਦੇ ‘ਤੇ ਕੈਨੇਡਾ ‘ਚ ਹਾਊਸ ਆਫ਼ ਕਾਮਨਜ਼ ‘ਚ ਵਿਰੋਧੀ ਨੇਤਾ ਪੀਅਰ ਪਾਲੀਏਵਰ ਨੇ ਪੀ.ਐੱਮ. ਟਰੂਡੋ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਪੀਅਰ ਪਾਲੀਏਵਰ ਨੇ ਮਹਿੰਗਾਈ ਤੋਂ ਲੈ ਕੇ ਵਧਦੇ ਅਪਰਾਧਾਂ ਤੱਕ ਦੇ ਮੁੱਦਿਆਂ ‘ਤੇ ਟਰੂਡੋ ਸਰਕਾਰ ਨੂੰ ਲਤਾੜਦੇ ਹੋਏ ਅਸਫ਼ਲ ਕਰਾਰ ਦਿੱਤਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਰਤ ਨੇ ਦਰਜਨਾਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦੀ ਗੱਲ ਕੀਤੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨਾਲ ਉਹ ਚਿੰਤਤ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੇਸ਼ ਮਹਿੰਗਾਈ ਅਤੇ ਅਪਰਾਧ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ ਅਤੇ ਟਰੂਡੋ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੇਸ਼ ਦਾ ਧਿਆਨ ਭਟਕਾਉਣ ਲਈ ਨਿੱਝਰ ਵਰਗੇ ਮਾਮਲਿਆਂ ਨੂੰ ਹਵਾ ਦੇ ਰਹੇ ਹਨ। ਟਰੂਡੋ ਦੇ ਦੋਸ਼ ਤੋਂ ਬਾਅਦ ਭਾਰਤ ਨੇ ਵੀ ਸਖ਼ਤ ਤੇਵਰ ਦਿਖਾਉਂਦੇ ਹੋਏ ਕੈਨੇਡਾ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਉਹ ਆਪਣੇ 41 ਡਿਪਲੋਮੈਟਸ ਨੂੰ 10 ਅਕਤੂਬਰ ਤੱਕ ਆਪਣੇ ਦੇਸ਼ ਵਾਪਸ ਬੁਲਾ ਲੈਣ ਪਰ ਹੁਣ ਕੈਨੇਡਾ ਦੇ ਪੀ.ਐੱਮ. ਦੇ ਤੇਵਰ ਨਰਮ ਹੁੰਦੇ ਦਿੱਸ ਰਹੇ ਹਨ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਨਾਲ ਤਲੱਖੀ ਨੂੰ ਵਧਾਉਣਾ ਨਹੀਂ ਚਾਹੁੰਦੇ ਹਨ। ਉਹ ਭਾਰਤ ਨਾਲ ਰਚਨਾਤਮਕ ਸੰਬੰਧ ਜਾਰੀ ਰੱਖਣਗੇ। ਹੁਣ ਆਪਣੇ ਹੀ ਦੇਸ਼ ‘ਚ ਟਰੂਡੋ ਲਈ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਗਿਆ ਹੈ।