ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਨਵਾਂਸ਼ਾਲਾ ਗੁਰਦਾਸਪੁਰ ਵਜੋਂ ਹੋਈ ਹੈ। ਇਸ ਹਾਦਸੇ ‘ਚ ਮ੍ਰਿਤਕ ਦੇ ਦੋ ਸਾਥੀ ਵੀ ਗੰਭੀਰ ਜ਼ਖਮੀ ਹੋਏ ਹਨ। ਇਹ ਨੌਜਵਾਨ 7 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ‘ਚ ਉਸਦੇ ਜੱਦੀ ਪਿੰਡ ਲਿਆਂਦਾ ਜਾਵੇ, ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਜਾਣਕਾਰੀ ਦਿੰਦਿਆਂ ਮ੍ਰਿਤਕ ਲਵਪ੍ਰੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਲਈ ਉਨ੍ਹਾਂ ਦਾ ਲੜਕਾ ਲੱਖਾਂ ਰੁਪਏ ਖਰਚ ਕੇ 7 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ ਅਤੇ ਕੁਝ ਹੀ ਦਿਨਾਂ ਵਿਚ ਉਸ ਨੇ ਅਮਰੀਕਾ ਵਿਚ ਪੱਕੇ ਹੋਣਾ ਸੀ। ਉਹ ਪੱਕੇ ਹੋਣ ਦੇ ਕਾਗਜ-ਪੱਤਰ ਲੈ ਕੇ ਆਪਣੇ ਵਕੀਲ ਨੂੰ ਮਿਲਣ ਨਿਊਯਾਰਕ ਜਾ ਰਿਹਾ ਸੀ।
ਇਸ ਦੌਰਾਨ ਰਸਤੇ ‘ਚ ਐਲ.ਏ. ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਉਹ ਆਪਣੇ ਦੋ ਦੋਸਤਾਂ ਸੁਨੀਲ ਕੋਟਲਾ ਵਾਸੀ ਪਿੰਡ ਚਾਵਾ ਗੁਰਦਾਸਪੁਰ ਅਤੇ ਵਿਸ਼ਾਲ ਸਲਾਰੀਆ ਵਾਸੀ ਪਿੰਡ ਭੈਣੀ ਕਾਣਾ ਗੁਰਦਾਸਪੁਰ ਨੂੰ ਨਾਲ ਲੈ ਕੇ ਕਾਰ ਰਾਹੀਂ ਨਿਊਯਾਰਕ ਜਾਣ ਲਈ ਰਵਾਨਾ ਹੋ ਗਏ ਅਤੇ ਜਦ ਉਨ੍ਹਾਂ ਦੀ ਕਾਰ ਐਲ.ਏ. ਤੋਂ ਕੁਝ ਅੱਗੇ ਪਹੁੰਚੀ ਤਾਂ ਪਹਾੜੀ ਖੇਤਰ ‘ਚ ਸੰਤੁਲਨ ਵਿਗੜਨ ਕਾਰਨ ਉਸ ਦੀ ਕਾਰ ਖਾਈ ‘ਚ ਡਿੱਗ ਗਈ।
ਹਸਪਤਾਲ ਵਿੱਚ ਇਲਾਜ ਦੌਰਾਨ ਲਵਪ੍ਰੀਤ ਦੀ ਮੌਤ ਹੋ ਗਈ। ਜਦਕਿ ਸੁਨੀਲ ਦੀ ਲੱਤ ਟੁੱਟ ਗਈ ਅਤੇ ਇਸ ਹਾਦਸੇ ‘ਚ ਵਿਸ਼ਾਲ ਵਾਲ-ਵਾਲ ਬਚ ਗਿਆ। ਹੋਸ਼ ਆਉਣ ਤੋਂ ਬਾਅਦ ਵਿਸ਼ਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਦਿੱਤੀ।