Home » ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (25-3-2024)…
Home Page News India Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (25-3-2024)…

Spread the news

AMRIT VELE DA HUKAMNAMA SRI DARBAR SAHIB SRI AMRITSAR, ANG 564, 25-03-2024


ਵਡਹੰਸੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁਮਿਤ੍ਰੁ ਸੁਖਦਾਤਾ ॥ ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ॥ ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥

ਅੰਤਰਿ = ਅੰਦਰ । ਲੋਚਾ = ਤਾਂਘ। ਹਉ = ਮੈਂ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਸਉ = ਸੌ ਵਾਰੀ। ਖੀਰ = ਦੁੱਧ। ਅੰਮਾਲੀ = ਹੇ ਸਖੀ! ਹੇ ਸਹੇਲੀ! ਭੋਜਨ = ਖਾਣੇ।ਮੈ = ਮੇਰੇ ਅੱਗੇ। ਨੀਰੇ = ਪ੍ਰੋਸੇ ਜਾਣ। ਮਨਿ = ਮਨ ਵਿਚ।ਤਨਿ = ਸਰੀਰ ਵਿਚ, ਹਿਰਦੇ ਵਿਚ। ਪਿਰੰਮ ਕਾ = ਪਿਆਰੇ ਦਾ। ਧੀਰੇ = ਸ਼ਾਂਤੀ ਪ੍ਰਾਪਤ ਕਰੇ ॥੧॥ ਸਜਣ = ਹੇ ਸੱਜਣ! ਭਾਈ = ਹੇ ਵੀਰ! ਮੈਂ = ਮੈਨੂੰ। ਓਹੁ = ਉਹ ਮਿਤ੍ਰ ਗੁਰੂ। ਜੀਅ ਕੀ = ਜਿੰਦ ਦੀ। ਬੇਦਨ = ਵੇਦਨ,ਪੀੜ, ਦੁੱਖ। ਕੀਆ = ਦੀਆਂ। ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ। ਚਾਤ੍ਰਿਕੁ = ਪਪੀਹਾ। ਕਉ = ਵਾਸਤੇ, ਦੀ ਖ਼ਾਤਰ। ਹਉ = ਮੈਂ। ਸਾਰਿ = ਚੇਤੇ ਕਰ ਕੇ।ਸਮਾਲੀ = ਸਮਾਲੀਂ, ਮੈਂ ਹਿਰਦੇ ਵਿਚ ਵਸਾਵਾਂ ॥੨॥

ਰਾਗ ਵਡਹੰਸ , ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ। (ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ। ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥ ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ। ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ। ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ। (ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥