ਅਮਰੀਕਾ ਦੀ ਵੱਕਾਰੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਮੂਲ ਦੀ ਇੱਕ ਵਿਦਿਆਰਥਣ ਉਨ੍ਹਾਂ ਦੋ ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਕੈਂਪਸ ਵਿੱਚ ਫਲਸਤੀਨ ਪੱਖੀ ਮੁਜਾਹਰਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੈਂਪਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਕੋਇੰਬਟੂਰ ਵਿੱਚ ਪੈਦਾ ਹੋਈ ਅਤੇ ਕੋਲੰਬਸ ਵਿੱਚ ਵੱਡੀ ਹੋਈ ਅਚਿੰਥਿਆ ਸਿਵਲਿੰਗਨ ਨੂੰ ਕੈਂਪਸ ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਹੁਣ ਉਸ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਯੂਨੀਵਰਸਿਟੀ ਦੇ ਅਧਿਕਾਰੀਆਂ ਦੀਆਂ ਚਿਤਾਵਨੀਆਂ ਤੋਂ ਬਾਅਦ ਪ੍ਰਿੰਸਟਨ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਕੀ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਨੂੰ ਧਰਨੇ ਵਜੋਂ ਜਾਰੀ ਰੱਖਿਆ। ਲਗਭਗ 100 ਅੰਡਰਗਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੇ ਵੀਰਵਾਰ ਸਵੇਰੇ ਮੈਕਕੋਸ਼ ਕੋਰਟਯਾਰਡ ‘ਤੇ ਇੱਕ ਧਰਨਾ ਸ਼ੁਰੂ ਕੀਤਾ, ਜੋ ਦੇਸ਼ ਭਰ ਵਿੱਚ ਫਲਸਤੀਨ ਪੱਖੀ ਧਰਨਿਆਂ ਦੀ ਇੱਕ ਲਹਿਰ ਵਿੱਚ ਸ਼ਾਮਲ ਹੋਏ ਹਨ।