Home » 11 ਸਾਲਾ ਪੁੱਤ ਦਾ ਕਤਲ, ਪੁਲਿਸ ਨੇ ਮਤਰੇਏ ਪਿਤਾ ਨੂੰ ਕੀਤਾ ਗ੍ਰਿਫ਼ਤਾਰ…
Home Page News India India News

11 ਸਾਲਾ ਪੁੱਤ ਦਾ ਕਤਲ, ਪੁਲਿਸ ਨੇ ਮਤਰੇਏ ਪਿਤਾ ਨੂੰ ਕੀਤਾ ਗ੍ਰਿਫ਼ਤਾਰ…

Spread the news

ਸਰਦੂਲਗੜ੍ਹ ਦੇ ਵਾਰਡ ਨੰਬਰ 1 ਵਿੱਚ ਰਹਿੰਦੇ ਇਕ ਵਿਅਕਤੀ ਨੇ ਆਪਣੇ 11 ਸਾਲਾਂ ਮਤਰੇਏ ਪੁੱਤ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਮਾਮੇ ਵਕੀਲ ਸਿੰਘ ਪੁੱਤਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਜੋ ਕਿ ਪਹਿਲਾਂ ਪਿੰਡ ਰੋੜਾਂਵਾਲੀ ਦੇ ਗੁਰਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਭੈਣ ਦੀ ਕੁੱਖੋਂ ਦੋ ਬੱਚੇ ਲੜਕੀ ਜਸਵਿੰਦਰ ਕੌਰ ਅਤੇ ਲੜਕਾ ਅਕਾਸ਼ਦੀਪ ਸਿੰਘ ਪੈਦਾ ਹੋਏ, ਪਰ ਕਰੀਬ 10 ਸਾਲ ਪਹਿਲਾਂ ਮੇਰੀ ਭੈਣ ਹਰਪ੍ਰੀਤ ਕੌਰ ਦਾ ਗੁਰਪ੍ਰੀਤ ਸਿੰਘ ਰੋੜਾਂਵਾਲੀ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ।ਇਸ ਤੋਂ ਛੇ ਸੱਤ ਮਹੀਨੇ ਬਾਅਦ ਹਰਪ੍ਰੀਤ ਕੌਰ ਦਾ ਦੁਬਾਰਾ ਵਿਆਹ ਗੁਰਪ੍ਰੀਤ ਸਿੰਘ ਵਾਸੀ ਹੀਰੇਵਾਲਾ ਨਾਲ ਸਿੱਖ ਰੀਤੀ ਰਿਵਾਜਾਂ ਮੁਤਾਬਕ ਗੁਰੂ ਘਰ ਝੰਡਾ ਸਾਹਿਬ ਵਿਖੇ ਕਰ ਦਿੱਤਾ ਗਿਆ। ਵਿਆਹ ਉਪਰੰਤ ਹਰਪ੍ਰੀਤ ਕੌਰ ਆਪਣੇ ਪਹਿਲੇ ਵਿਆਹ ਦੇ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਹੀਰੇਵਾਲਾ ਗੁਰਪ੍ਰੀਤ ਸਿੰਘ ਦੇ ਘਰ ਰਹਿਣ ਲੱਗ ਪਈ। ਥੋੜ੍ਹਾ ਸਮਾਂ ਬੀਤ ਜਾਣ ਬਾਅਦ ਇਨ੍ਹਾਂ ਦੇ ਇੱਕ ਲੜਕਾ ਹਰਜੋਤ ਸਿੰਘ ਪੈਦਾ ਹੋਇਆ ਜਿਸ ਦੀ ਉਮਰ ਕਰੀਬ 9 ਸਾਲ ਹੈ।ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਦੇ ਬੱਚਿਆਂ ਤੋਂ ਨਫਰਤ ਕਰਨ ਲੱਗ ਗਿਆ, ਜਿਸ ’ਤੇ ਅਸੀਂ ਦੋਵੇਂ ਬੱਚਿਆਂ ਨੂੰ ਆਪਣੇ ਘਰ ਲੈ ਆਏ ਅਤੇ ਗੁਰਪ੍ਰੀਤ ਸਿੰਘ ਵੀ ਪਿੰਡ ਹੀਰੇਵਾਲਾ ਤੋਂ ਸਰਦੂਲਗੜ੍ਹ ਦੇ ਵਾਰਡ ਨੰਬਰ ਇੱਕ ਵਿੱਚ ਰਹਿਣ ਲੱਗ ਪਿਆ। ਉਸ ਦੇ ਨਾਲ ਉਸ ਦਾ ਬੇਟਾ ਹਰਜੋਤ ਸਿੰਘ ਵੀ ਸੀ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਸਾਡਾ ਭਾਣਜਾ ਆਕਾਸ਼ਦੀਪ ਛੇਵੀਂ ਕਲਾਸ ਵਿੱਚ ਉਸੇ ਸਕੂਲ ਵਿੱਚ ਪੜ੍ਹਦਾ ਸੀ।ਸਕੂਲ ਦੀ ਛੁੱਟੀ ਹੋਣ ਬਾਅਦ ਜਦੋਂ ਆਕਾਸ਼ਦੀਪ ਘਰ ਨਾ ਪਰਤਿਆ ਤਾਂ ਮੈਂ ਆਪਣੇ ਪਿਤਾ ਪਾਲ ਸਿੰਘ ਨੂੰ ਨਾਲ ਲੈ ਕੇ ਉਸ ਦੀ ਤਲਾਸ਼ ਲਈ ਉਸ ਦੇ ਸਕੂਲ ਗਏ, ਪਰ ਜਦੋਂ ਉੱਥੇ ਵੀ ਨਾ ਮਿਲਿਆ ਤਾਂ ਅਸੀਂ ਗੁਰਪ੍ਰੀਤ ਸਿੰਘ ਦੇ ਘਰ ਚਲੇ ਗਏ, ਜਿੱਥੇ ਜਾ ਕੇ ਦੇਖਿਆ ਕਿ ਇੱਕ ਕਮਰੇ ਵਿੱਚ ਮੇਰਾ ਭਾਣਜਾ ਆਕਾਸ਼ਦੀਪ ਸਿੰਘ ਦਾ ਗਲਾ ਘੁੱਟ ਕੇ ਮਾਰ ਰਿਹਾ ਸੀ ਸਾਡੇ ਰੌਲਾ ਪਾਉਣ ‘ਤੇ ਉਹ ਮੌਕੇ ਤੋਂ ਭੱਜ ਗਿਆ, ਜਦੋਂ ਅਸੀਂ ਆਪਣੇ ਭਾਣਜੇ ਨੂੰ ਸੰਭਾਲਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੀ ਇਤਲਾਹ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਦਿੱਤੀ ਗਈ।

ਇਸ ਸੰਬੰਧੀ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਮੁਖੀ ਅੰਗਰੇਜ ਸਿੰਘ ਆਪਣੀ ਟੀਮ ਨਾਲ ਗਸ਼ਤ ਕਰ ਰਹੇ ਸਨ ਤਾਂ ਵਕੀਲ ਸਿੰਘ ਪੁੱਤਰ ਪਾਲ ਸਿੰਘ ਉਨ੍ਹਾਂ ਨੂੰ ਮਿਲੇ ਅਤੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਗੁਰਪ੍ਰੀਤ ਸਿੰਘ ਜੋ ਕਿ ਵਾਰਡ ਨੰਬਰ ਇੱਕ ਵਿੱਚ ਰਹਿੰਦਾ ਹੈ, ਨੇ ਉਨ੍ਹਾਂ ਦੇ ਭਾਣਜੇ ਅਕਾਸ਼ਦੀਪ ਦਾ ਕਤਲ ਕਰ ਦਿੱਤਾ ਹੈ ਤਾਂ ਥਾਣਾ ਮੁਖੀ ਵੱਲੋਂ ਤੁਰੰਤ ਪਹੁੰਚ ਕੇ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਘਟਨਾ ਨੂੰ ਅੰਜਾਮ ਦੇ ਕੇ ਭੱਜ ਰਹੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਕੀਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।