Home » ਕਚਹਿਰੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨਾਬਾਲਿਗਾ ਨੇ ਕੀਤੀ ਖੁਦਕੁਸ਼ੀ…
Home Page News India India News

ਕਚਹਿਰੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨਾਬਾਲਿਗਾ ਨੇ ਕੀਤੀ ਖੁਦਕੁਸ਼ੀ…

Spread the news


ਲੁਧਿਆਣਾ ਦੇ ਕੋਰਟ ਕੰਪਲੈਕਸ ’ਚ ਵੀਰਵਾਰ ਨੂੰ ਇੱਕ ਅਣਸੁਖਾਵੀਂ ਘਟਨਾ ਵਾਪਰੀ। ਕਚਹਿਰੀ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ 16 ਸਾਲ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ। ਇਸ ਦਰਦਨਾਕ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਲੜਕੀ ਦੀ ਮਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਕਚਹਿਰੀ ’ਚ ਮੌਜੂਦ ਪੁਲਿਸ ਮੁਲਾਜ਼ਮਾਂ ਤੇ ਲੋਕਾਂ ਵੱਲੋਂ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਇਸ ਦਰਦਨਾਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਤੇ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਮਨਜੀਤ ਨਗਰ ਦੀ ਰਹਿਣ ਵਾਲੀ ਸੁਰਿੰਦਰ ਕੌਰ ਉਰਫ ਬੀਰੂ ਵਜੋਂ ਹੋਈ ਹੈ। ਉਸ ਦੇ ਮਾਤਾ-ਪਿਤਾ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਉਹ ਅਦਾਲਤ ’ਚ ਆਪਣੀ ਮਾਂ ਨਾਲ ਆਈ ਸੀ। ਉਸ ਦੀ ਮਾਂ ਐਡਵੋਕੇਟ ਦੇ ਕੈਬਿਨ ’ਚ ਸੀ। ਇਸੇ ਦੌਰਾਨ ਲੜਕੀ ਅਚਾਨਕ ਗਾਇਬ ਹੋ ਗਈ। ਲੜਕੀ ਨੇ ਕੋਰਟ ਕੰਪਲੈਕਸ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।ਖੁਦਕੁਸ਼ੀ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਪੜਤਾਲ

ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਮੁਤਾਬਕ ਲੜਕੀ ਆਪਣੀ ਦਾਦੀ ਬਲਵਿੰਦਰ ਕੌਰ ਕੋਲ ਮਨਜੀਤ ਨਗਰ ਇਲਾਕੇ ’ਚ ਰਹਿੰਦੀ ਸੀ। ਉਸ ਦੀ ਬੇਟੀ ਦਾ ਡਿਪਰੈਸ਼ਨ ਦਾ ਇਲਾਜ ਚੱਲ ਰਿਹਾ ਸੀ। ਜਾਪਦਾ ਇੰਝ ਹੀ ਹੈ ਕਿ ਇਸੇ ਦੇ ਚੱਲਦੇ ਉਸ ਨੇ ਇਹ ਕਦਮ ਚੁੱਕਿਆ ਹੋਵੇਗਾ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਲੜਕੀ ਦੀ ਮੌਤ ਦਾ ਕਾਰਨ ਉਸ ਦੇ ਮਾਤਾ-ਪਿਤਾ ਦੇ ਤਲਾਕ ਦਾ ਕੇਸ ਵੀ ਹੋ ਸਕਦਾ ਹੈ। ਮ੍ਰਿਤਕਾ ਦੇ ਕਬਜ਼ੇ ’ਚੋਂ ਕੋਈ ਵੀ ਸੁਸਾਈਡ ਨੋਟ ਨਹੀਂ ਹੈ।

ਪੜ੍ਹਾਈ ’ਚ ਸੀ ਬਹੁਤ ਜ਼ਿਆਦਾ ਹੁਸ਼ਿਆਰ

ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਹਾਲ ਹੀ ’ਚ ਉਸ ਦੀ ਬੇਟੀ ਦੀ 9ਵੀਂ ਜਮਾਤ ਦਾ ਨਤੀਜਾ ਆਇਆ ਹੈ। ਲੜਕੀ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ ਤੇ ਉਸ ਨੇ 9ਵੀਂ ਜਮਾਤ ’ਚੋਂ ਚੰਗੇ ਅੰਕ ਪ੍ਰਾਪਤ ਕੀਤੇ ਸਨ। ਪੁਲਿਸ ਕੇਸ ਦੀ ਡੁੰਘਾਈ ਨਾਲ ਪੜਤਾਲ ਕਰਨ ਲਈ ਲਗਾਤਾਰ ਜਾਂਚ ਕਰ ਰਹੀ। ਪੋਸਟਮਾਰਟਮ ਦੀ ਰਿਪੋਰਟ ਤੇ ਤਫਤੀਸ਼ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।