ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕਰ ਸਕਦੇ ਹਨ। ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੈਮਲਿਨ ਵੱਲੋਂ ਦਿੱਤੀ ਗਈ ਹੈ। ਪਿਛਲੇ ਡੇਢ ਮਹੀਨੇ ’ਚ ਦੋਵੇਂ ਆਗੂ ਦੋ ਵਾਰ ਲੰਬੀ ਫੋਨ ਗੱਲਬਾਤ ਕਰ ਚੁੱਕੇ ਹਨ। ਇਸ ਦੌਰਾਨ ਯੂਕਰੇਨ ਮਾਮਲੇ ’ਤੇ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਯੂਕਰੇਨ ’ਚ ਸ਼ਾਂਤੀ ਚਾਹੁੰਦੇ ਹਨ। ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਪਛਾਣ ਸ਼ਾਂਤੀ ਸਥਾਪਿਤ ਕਰਨ ਵਾਲੇ ਦੇ ਤੌਰ ’ਤੇ ਬਣਾਉਣਾ ਚਾਹੁੰਦੇ ਹਨ, ਇਸ ਲਈ ਉਹ ਤਿੰਨ ਸਾਲਾਂ ਤੋਂ ਚੱਲ ਰਹੀ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਯੁੱਧ ਖ਼ਤਮ ਨਾ ਹੋਇਆ ਤਾਂ ਇਸ ਦੇ ਸੰਸਾਰ ਜੰਗ ’ਚ ਬਦਲਣ ਦੀ ਸੰਭਾਵਨਾ ਹੈ। ਉਸ ਸਮੇਂ ਅਮਰੀਕਾ ਅਤੇ ਰੂਸ ਆਹਮੋ-ਸਾਹਮਣੇ ਹੋਣਗੇ। ਟਰੰਪ ਅਤੇ ਪੁਤਿਨ 12 ਫਰਵਰੀ ਅਤੇ 18 ਮਾਰਚ ਨੂੰ ਫੋਨ ‘ਤੇ ਗੱਲਬਾਤ ਕਰ ਚੁੱਕੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ 2024 ’ਚ ਵੀ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਹੁੰਦੀ ਸੀ। ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਬਾਬ ਵੁਡਵਾਰਡ ਨੇ 2024 ’ਚ ਪ੍ਰਕਾਸ਼ਿਤ ਆਪਣੀ ਕਿਤਾਬ ‘ਵਾਰ’ ’ਚ ਲਿਖਿਆ ਹੈ ਕਿ 2021 ’ਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਘੱਟੋ-ਘੱਟ ਸੱਤ ਵਾਰ ਟਰੰਪ ਅਤੇ ਪੁਤਿਨ ਦੇ ਵਿਚਕਾਰ ਫੋਨ ‘ਤੇ ਗੱਲਬਾਤ ਹੋਈ।ਗੱਲਬਾਤ ਦੌਰਾਨ ਰੂਸ ਤੇ ਯੂਕਰੇਨ ਵੱਲੋਂ ਡ੍ਰੋਨ ਹਮਲੇ ਐਤਵਾਰ ਨੂੰ ਰੂਸ ਨੇ ਯੂਕਰੇਨ ’ਤੇ ਵੱਡਾ ਡ੍ਰੋਨ ਹਮਲਾ ਕੀਤਾ। ਇਸ ਹਮਲੇ ’ਚ ਪੰਜ ਸਾਲ ਦੇ ਇਕ ਬੱਚੇ ਸਮੇਤ ਸੱਤ ਲੋਕ ਮਾਰੇ ਗਏ ਤੇ ਦਰਜਨ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਹਮਲਿਆਂ ’ਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜਲੇ ਉਪਨਗਰਾਂ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ 147 ਡ੍ਰੋਨ ਛੱਡੇ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ ’ਚੋਂ 97 ਨੂੰ ਤਬਾਹ ਕਰ ਦਿੱਤਾ, ਜਦਕਿ 25 ਹੋਰ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕੇ, ਜਦਕਿ ਯੂਕਰੇਨ ਦੇ ਡ੍ਰੋਨ ਹਮਲਿਆਂ ’ਚ ਰੂਸ ’ਚ ਦੋ ਲੋਕਾਂ ਦੀ ਮੌਤ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ 59 ਡ੍ਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਸਾਊਦੀ ਅਰਬ ਵਿਚ ਦੋਵੇਂ ਦੇਸ਼ਾਂ ਦੇ ਵਿਚਕਾਰ ਅਮਰੀਕਾ ਦੀ ਵਿਚੋਲਗੀ ’ਚ ਜੰਗਬੰਦੀ ’ਤੇ ਗੱਲਬਾਤ ਚੱਲ ਰਹੀ ਹੈ।
ਟਰੰਪ ਦੀ ਚਿਤਾਵਨੀ; ਹੋ ਸਕਦੀ ਹੈ ਸੰਸਾਰ ਜੰਗ! ਟਰੰਪ ਤੇ ਪੁਤਿਨ ਛੇਤੀ ਕਰ ਸਕਦੇ ਹਨ ਤੀਜੀ ਵਾਰ ਗੱਲਬਾਤ…
