ਰੂਸ ਆਪਣੇ ਸਨਅਤੀ ਖੇਤਰ ਵਿਚ ਕਿਰਤੀਆਂ ਦੀ ਤੋਟ ਦੂਰ ਕਰਨ ਲਈ ਇਸ ਵਰ੍ਹੇ ਦੇ ਅਖ਼ੀਰ ਤੱਕ ਭਾਰਤ ਤੋਂ ਕਰੀਬ 10 ਲੱਖ ਹੁਨਰਮੰਦ ਕਾਮਿਆਂ ਨੂੰ ਸੱਦ ਕੇ ਰੁਜ਼ਗਾਰ ਦੇਣ ਵਾਲਾ ਹੈ। ਰੂਸ ਦੇ ਇਕ ਧਨਾਢ ਕਾਰੋਬਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਰੂਸੀ ਸਨਅਤੀ ਮੰਡਲ (ਯੂਰਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ) ਦੇ ਮੁਖੀ ਆਂਦ੍ਰੇਈ ਬੇਸੇਦਿਨ ਨੇ ਖ਼ਬਰ ਏਜੰਸੀ ਰਾਸ ਬਿਜਨਸ ਕੰਸਲਟਿੰਗ (ਆਰਬੀਸੀ) ਦੇ ਨਾਲ ਗੱਲਬਾਤ ਵਿਚ ਭਾਰਤ ਦੇ ਨਿਪੁੰਨ ਕਿਰਤੀਆਂ ਨੂੰ ਸੱਦਣ ਦੀ ਯੋਜਨਾ ਬਾਰੇ ਇੰਕਸ਼ਾਫ਼ ਕੀਤਾ ਹੈ।ਬੇਸੇਦਿਨ ਨੇ ਕਿਹਾ ਹੈ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਵਰ੍ਹੇ ਦੀ ਅਖ਼ੀਰ ਤੱਕ ਭਾਰ ਤੋਂ 10 ਲੱਖ ਮਾਹਿਰ ਕਾਮੇ ਰੂਸ ਆ ਸਕਣਗੇ। ਇਨ੍ਹਾਂ ਵਿਚ ਰੂਸ ਦਾ ਸਵੇਰਦਲੋਵਸਕ ਇਲਾਕਾ ਵੀ ਸ਼ਾਮਲ ਹੈ। ਇਸ ਨਾਲ ਸਬੰਧਤ ਮਾਮਲਿਆਂ ਨੂੰ ਦੇਖਣ ਲਈ ਸਵੇਰਦਲੋਵਸਕ ਦੀ ਰਾਜਦਾਨੀ ਯੇਕਾਤੇਰਿਨਬਰਗ ਵਿਚ ਇਕ ਨਵਾਂ ਵਣਜ ਦੂਤਘਰ ਖੁੱਲ੍ਹ ਰਿਹਾ ਹੈ।ਉਨ੍ਹਾਂ ਨੇ ਇਸ ਦੇ ਪਿੱਛੇ ਕੁਝ ਕਿਰਤੀਆਂ ਦੇ ਯੂਕਰੇਨ ਵਿਚ ਜਾਰੀ ਰੂਸੀ ਫ਼ੌਜੀ ਮੁਹਿੰਮ ਵਿਚ ਤਾਇਨਾਤ ਹੋਣ ਤੇ ਰੂਸੀ ਨੌਜਵਾਨਾਂ ਦੀ ਕਾਰਖ਼ਾਨਿਆਂ ਵਿਚ ਕੰਮ ’ਤੇ ਨਾ ਲੱਗਣ ਦੀ ਬਿਰਤੀ ਨੂੰ ਅਹਿਮ ਵਜ੍ਹਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰੂਸ, ਸ੍ਰੀਲੰਕਾ ਤੇ ਉੱਤਰੀ ਕੋਰੀਆ ਤੋਂ ਵੀ ਮਜ਼ਦੂਰ ਸੱਦੇ ਜਾਣ ’ਤੇ ਗ਼ੌਰ ਕਰ ਰਹੇ ਹਾਂ ਪਰ ਇਹ ਗੁੰਝਲਦਾਰ ਮੁੱਦਾ ਹੈ।
ਰੂਸੀ ਖੇਤਰਾਂ ਦੇ ਉੱਦਮਾਂ ਵਿਚ ਭਾਰਤ ਤੋਂ ਕਿਰਤੀਆਂ ਦੇ ਆਉਣਦਾ ਸਿਲਸਿਲਾ 2024 ਵਿਚ ਹੀ ਸ਼ੁਰੂ ਹੋ ਗਿਆ ਸੀ। ਇਨ੍ਹਾਂ ਮਜ਼ਦੂਰਾਂ ਨੂੰ ਕੈਲਿਨਿਨਗ੍ਰਾਦ ਮਛੀ ਪ੍ਰਾਸੈਸਿੰਗ ਕੰਪਲੈਕਸ ‘ਜਾ ਰੋਦਿਨੂ’ ਵਿਚ ਕੰਮ ’ਤੇ ਲਾਇਆ ਗਿਆ ਸੀ। ਖ਼ਬਰ ਏਜੰਸੀ ਆਰਬੀਸੀ ਮੁਤਾਬਕ ਰੂਸੀ ਕਿਰਤ ਮੰਤਰਾਲਾ ਨੇ ਵਰ੍ਹਾ 2030 ਤੱਕ ਕਾਰਜਬਲ ਵਿਚ 31 ਲੱਖ ਕਿਰਤੀਆਂ ਦੀ ਕਮੀ ਦਾ ਅੰਦਾਜ਼ਾ ਲਾਇਆ ਹੈ।
ਲੰਘੇ ਵਰ੍ਹੇ 22 ਮਾਰਚ ਨੂੰ ਮਾਸਕੋ ਦੇ ਕ੍ਰੋਕਸ ਸਿਟੀ ਹਾਲ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਰੂਸੀ ਅਧਿਕਾਰੀਆਂ ਨੇ ਸਾਬਕਾ ਸੋਵੀਅਤ ਗਣਰਾਜਾਂ ਤੋਂ ਪਰਵਾਸੀਆਂ ਦੇ ਆਗਮਨ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ।













