ਸੂਬੇ ’ਚ ਆਈਸ (ਕ੍ਰਿਸਟਲ ਮੈਥਾਮਫੇਟਾਮਿਨ) ਦੀ ਜ਼ਬਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਡਰੱਗ ਤਸਕਰ ਹੁਣ ਨੌਜਵਾਨਾਂ ਨੂੰ ਚਿੱਟਾ (ਹੈਰੋਇਨ) ਤੋਂ ਸਸਤੀ, ਜ਼ਿਆਦਾ ਪ੍ਰਭਾਵਸ਼ਾਲੀ ਤੇ ਆਸਾਨੀ ਨਾਲ ਤਿਆਰ ਕੀਤੀ ਜਾਣ ਵਾਲੀ ਨਸ਼ੀਲੀ ਦਵਾਈ ਆਈਸ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੁਲਿਸ ਉੱਚ ਸ਼ੁੱਧਤਾ ਵਾਲੀ ਆਈਸ ਦੀਆਂ ਖੇਪਾਂ ਲਗਾਤਾਰ ਫੜ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ਾ ਤਸਕਰੀ ’ਚ ਇਕ ਵੱਡੇ ਬਦਲਾਅ ਦੀ ਚਿਤਾਵਨੀ ਹੈ।ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਅਫੀਮ ਦੀ ਖੇਤੀ ‘ਤੇ ਰੋਕ ਲਾਉਣ ਮਗਰੋਂ ਅਫੀਮ ਆਧਾਰਿਤ ਆਰਥਿਕਤਾ ਲਗਪਗ ਤਬਾਹ ਹੋ ਗਈ ਹੈ, ਜਿਸ ਕਾਰਨ ਤਸਕਰਾਂ ਨੇ ਜਲਦੀ ਐਪੀਡਰਾ ਬੂਟਿਆਂ ਦੀ ਵਰਤੋਂ ਕਰ ਕੇ ਆਈਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਸਕਰ ਪਾਕਿਸਤਾਨ ਤੇ ਅਫਗਾਨਿਸਤਾਨ ’ਚ ਆਈਸ ਬਣਾ ਕੇ ਇਸ ਪਾਸੇ ਭੇਜ ਰਹੇ ਹਨ। ਇੰਟੈਲੀਜੈਂਸ ਸੂਤਰਾਂ ਅਨੁਸਾਰ, ਪਾਕਿਸਤਾਨ ਸਥਿਤ ਬਦਨਾਮ ਤਸਕਰ ਹਾਜ਼ੀ ਸਲੀਮ ਆਈਸ ਦੀਆਂ ਖੇਪਾਂ ਨੂੰ ਡਰੋਨ ਤੇ ਜ਼ਮੀਨਦੋਜ਼ ਸੁਰੰਗਾਂ ਰਾਹੀਂ ਪੰਜਾਬ ਦੀ ਸੰਵੇਦਨਸ਼ੀਲ ਸੀਮਾ ਤੋਂ ਭੇਜ ਰਹੇ ਹਨ।ਤਸਕਰ ਹੈਰੋਇਨ ਤੇ ਆਈਸ ਨੂੰ ਇੱਕਠੇ ਪੈਕੇਜ ’ਚ ਵੇਚ ਰਹੇ ਹਨ। ਆਈਸ ਦੇ ਮੁਫ਼ਤ ਸੈਂਪਲ ਦੇ ਕੇ ਲੋਕਾਂ ਨੂੰ ਇਸ ਦੀ ਲਤ ਲਗਾਉਣ ਦਾ ਕੰਮ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ “ਵਨ-ਪਲੱਸ-ਵਨ” ਆਫਰ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਤੇ ਸ਼ਹਿਰੀ ਝੁੱਗੀਆਂ ’ਚ ਆਈਸ ਦਾ ਇਕ ਬਰਾਬਰ ਬਾਜ਼ਾਰ ਖੜ੍ਹਾ ਕੀਤਾ ਜਾ ਸਕੇ। ਮੈਥ ਹੁਣ ਅਫਗਾਨ ਪਹਾੜੀ ਖੇਤਰਾਂ ’ਚ ਬਣੇ ਅਸਥਾਈ ਲੈਬਾਂ ’ਚ ਵੱਡੇ ਪੈਮਾਨੇ ‘ਤੇ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਪਾਕਿਸਤਾਨ ਰਾਹੀਂ ਲਗਾਤਾਰ ਪੰਜਾਬ ’ਚ ਭੇਜਿਆ ਜਾ ਰਿਹਾ ਹੈ। ਆਈਸ ਨੂੰ ਤਸਕਰ ਇਸ ਲਈ ਵੀ ਉਤਸ਼ਾਹ ਦੇ ਰਹੇ ਹਨ, ਕਿਉਂਕਿ ਇਹ ਹੈਰੋਇਨ ਤੋਂ ਸਸਤੀ, ਜ਼ਿਆਦਾ ਤਾਕਤਵਰ ਤੇ ਤਿਆਰ ਕਰਨ ’ਚ ਆਸਾਨ ਹੈ। ਉਹ ਹੈਰੋਇਨ ਤੇ ਆਈਸ ਨੂੰ ਇਕੱਠੇ ਬੰਡਲ ਕਰ ਕੇ ਵੇਚ ਰਹੇ ਹਨ। ਆਈਸ ਦੇ ਮੁਫ਼ਤ ਸੈਂਪਲ ਦੇ ਕੇ ਨੌਜਵਾਨਾਂ ਨੂੰ ਇਸ ਦੀ ਲਤ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਹੈਰੋਇਨ ਸਭ ਤੋਂ ਵੱਡੀ ਚੁਣੌਤੀ ਸੀ ਪਰ ਹੁਣ ਅਸੀਂ ਸਿੰਥੈਟਿਕ ਨਸ਼ਿਆਂ ਨਾਲ ਜੂਝ ਰਹੇ ਹਾਂ, ਜੋ ਸਸਤੀ, ਜ਼ਿਆਦਾ ਖ਼ਤਰਨਾਕ ਤੇ ਬੇਹੱਦ ਨਸ਼ੇ ਦੀ ਲਤ ਵਾਲੇ ਹਨ।
ਹੁਣ ਤੱਕ ਇੰਨੀ ਫੜੀ ਗਈ ਹੈ ਆਈਸ
2023 ’ਚ ਜਿੱਥੇ ਸਿਰਫ 2 ਕਿੱਲੋ ਆਈਸ ਫੜੀ ਗਈ ਸੀ, ਉਥੇ 2024 ’ਚ ਇਹ ਅੰਕੜਾ 22 ਕਿੱਲੋ ਤੱਕ ਪਹੁੰਚ ਗਿਆ। 2025 ’ਚ ਹੁਣ ਤੱਕ ਘੱਟੋ-ਘੱਟ 13 ਕਿੱਲੋ ਦੇ ਕਰੀਬ ਆਈਸ ਫੜੀ ਜਾ ਚੁੱਕੀ ਹੈ, ਜਿਸ ’ਚੋਂ ਪਿਛਲੇ ਫਰਵਰੀ ’ਚ 2 ਕਿੱਲੋ ਤੇ ਪਿਛਲੇ ਜੂਨ ’ਚ 7.4 ਕਿੱਲੋ ਦੀ ਵੱਡੀ ਖੇਪ ਸ਼ਾਮਲ ਹੈ। ਇਹ ਖੇਪ ਕਈ ਕਿਸਮ ਦੀਆਂ ਨਸ਼ਿਆਂ ਦੀ ਵੱਡੀ ਡਲਿਵਰੀ ਦਾ ਹਿੱਸਾ ਮੰਨੀ ਜਾ ਰਹੀ ਹੈ। ਇਹ ਰੁਝਾਨ ਸਿਰਫ ਸਰਹੱਦੀ ਇਲਾਕਿਆਂ ਤੱਕ ਸੀਮਤ ਨਹੀਂ ਹੈ। 2022 ’ਚ ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ’ਚ ਪੁਲਿਸ ਨੇ 20.8 ਕਿੱਲੋ ਆਈਸ ਫੜੀ ਸੀ। ਇਹ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀਆਂ ਬਰਾਮਦਗੀਆਂ ਵਿਚੋਂ ਇਕ ਸੀ। ਮੁੱਖ ਮੁਲਜ਼ਮ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਥਿਤ ਤੌਰ ’ਤੇ ਪੂਰੇ ਭਾਰਤ ’ਚ ਫੈਲੇ ਇਕ ਸਿੰਥੈਟਿਕ ਡਰੱਗ ਨੈੱਟਵਰਕ ਨੂੰ ਚਲਾ ਰਿਹਾ ਸੀ, ਜਿਸ ’ਚ ਅੰਤਰਰਾਸ਼ਟਰੀ ਲਿੰਕ ਵੀ ਸਨ। ਇਕ ਹੋਰ ਮਾਮਲੇ ’ਚ ਜਲੰਧਰ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਖਾਲਿਸਤਾਨ ਸਮਰਥਕ ਆਗੂ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਤੋਂ ਆਈਸ ਦੀ ਬਰਾਮਦਗੀ ਕੀਤੀ ਸੀ।
ਖੇਤਰ ’ਚ ਵਧ ਰਹੀ ਹੈ ਆਈਸ ਦਾ ਵਰਤੋਂ
ਪੀਜੀਆਈ ਚੰਡੀਗੜ੍ਹ ’ਚ ਹਾਲ ਹੀ ਦੀ ਇਕ ਰਿਪੋਰਟ ਅਨੁਸਾਰ ਪਤਾ ਲੱਗਾ ਹੈ ਕਿ ਐਮਾਫਿਟਾਮਿਨ ਟਾਈਪ ਸਿਟਮਿਊਲੈਟਸ ਨਾਮ ਦੇ ਕੁਝ ਨਸ਼ੇ ਹੁੰਦੇ ਹਨ। ਜੋ ਕਿ ਆਈਸ, ਐਮਾਫਿਟਾਮਿਨ, ਐਕਸਟੈਸੀ ਨਾਮ ਦੇ ਨਸ਼ਿਆਂ ’ਚ ਆਉਂਦੇ ਹਨ। ਇਸ ’ਚ ਸਭ ਤੋਂ ਮਹੱਤਵਪੂਰਨ ਆਈਸ ਹੈ, ਜੋ ਹੌਲੀ-ਹੌਲੀ ਇਸ ਖੇਤਰ ’ਚ ਪਹੁੰਚ ਬਣਾਉਂਦੀ ਜਾ ਰਹੀ ਹੈ। ਇਹ ਇਕ ਉਤੇਜਕ ਨਸ਼ਾ ਹੈ ਜੋ ਲੋਕਾਂ ਨੂੰ ਉਤੇਜਕ ਤੇ ਐਕਟਿਵ ਬਣਾ ਦਿੰਦਾ ਹੈ। ਆਈਸ ਨਸ਼ੇ ਦਾ ਨਾਮ ਮੈਥਾਫਿਟਾਮਿਨ ਹੈ ਜੋ ਟੈਬਲੇਟ ਲੈਅ ’ਚ ਮਿਲਦਾ ਹੈ। ਇਹ ਅਸ਼ੁੱਧ ਹੁੰਦਾ ਹੈ, ਜਦਕਿ ਆਈਸ ਇਸ ਦਾ ਸ਼ੁੱਧ ਰੂਪ ਹੈ। ਇਹ ਦੇਖਣ ’ਚ ਬਰਫ ਦੇ ਟੁਕੜਿਆਂ ਵਾਂਗ ਹੁੰਦਾ ਹੈ, ਇਸ ਲਈ ਇਸ ਦਾ ਨਾਮ ਆਈਸ ਨਸ਼ਾ ਰੱਖਿਆ ਗਿਆ ਹੈ।













