Home » ਪੰਜ ਸਾਲਾ ਬੱਚੇ ਦੇ ਕਤਲ ਨੂੰ ਲੈ ਕੇ ਭੜਕੇ ਸ਼ਹਿਰਵਾਸੀ, ਕਾਤਲ ਨੂੰ ਫ਼ਾਂਸੀ ਦੇਣ ਦੀ ਮੰਗ…
Home Page News India India News

ਪੰਜ ਸਾਲਾ ਬੱਚੇ ਦੇ ਕਤਲ ਨੂੰ ਲੈ ਕੇ ਭੜਕੇ ਸ਼ਹਿਰਵਾਸੀ, ਕਾਤਲ ਨੂੰ ਫ਼ਾਂਸੀ ਦੇਣ ਦੀ ਮੰਗ…

Spread the news


ਮੰਗਲਵਾਰ ਸ਼ਾਮ ਨੂੰ ਅਗਵਾ ਹੋਏ ਹੁਸ਼ਿਆਰਪੁਰ ਸ਼ਹਿਰ ਦੇ ਦੀਪ ਨਗਰ ਤੋਂ ਪੰਜ ਸਾਲਾਂ ਅਗਵਾ ਹੋਏ ਬੱਚੇ ਦੀ ਲਾਸ਼ ਬੁੱਧਵਾਰ ਸਵੇਰੇ ਰਹੀਮਪੁਰ ਮੰਡੀ ਦੇ ਨਜ਼ਦੀਕ ਸ਼ਮਸ਼ਾਨਘਾਟ ’ਚ ਮਿਲਣ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਗੁੱਸਾ ਭੜਕ ਗਿਆ।ਬੀਤੀ ਦੇਰ ਸ਼ਾਮ ਵੀ ਵੱਖ ਵੱਖ ਸੰਗਠਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤੇ ਅਤੇ ਕਥਿਤ ਦੋਸ਼ੀ ਨੂੰ ਫ਼ਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ। ਅੱਜ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਮੌਕੇ ’ਤੇ ਪਹੁੰਚੀਆਂ ਜਥੇਬੰਦੀਆਂ ਦੇ ਆਗੂਆਂ ਦਾ ਰੋਹ ਵੀ ਪੂਰੇ ਆਸਮਾਨ ’ਤੇ ਸੀ ਅਤੇ ਉਹ ਦੋਸ਼ੀ ਨੂੰ ਲੋਕਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਸਨ। ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਉਸ ਦੇ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਲਈ ਫਗਵਾੜਾ ਲੈ ਗਏ।ਪ੍ਰਾਪਤ ਜਾਣਕਾਰੀ ਅਨੁਸਾਰ, ਮੰਗਲਵਾਰ ਸ਼ਾਮ ਨੂੰ ਸਾਢੇ ਚਾਰ ਵਜੇ ਦੇ ਕਰੀਬ ਹਰਵੀਰ ਸਿੰਘ 5 ਨੂੰ ਉਸ ਵੇਲੇ ਇੱਕ ਸਕੂਟਰੀ ਸਵਾਰ ਵਲੋਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਆਪਣੀ ਭੈਣ ਨਾਲ ਮੁਹੱਲੇ ਦੇ ਗੁਰਦਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਬੁੱਧਵਾਰ ਸਵੇਰੇ ਉਸ ਦੀ ਲਾਸ਼ ਰਹੀਮਪੁਰ ਮੰਡੀ ਦੇ ਬਾਹਰਵਾਰ ਸ਼ਮਸ਼ਾਨਘਾਟ ਤੋਂ ਮਿਲੀ। ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਲੜਕੇ ਨਾਲ ਬਦਫ਼ੈਲੀ ਵੀ ਕੀਤੀ ਗਈ ਸੀ।
ਸ਼ਹਿਰ ਵਾਸੀਆਂ ’ਚ ਗੁੱਸੇ ਦੀ ਲਹਿਰ

ਪੰਜ ਸਾਲਾਂ ਮਾਸੂਮ ਦੇ ਕਤਲ ਦੀ ਦਰਦਨਾਕ ਕਹਾਣੀ ਦਾ ਪਤਾ ਲੱਗਦੇ ਹੀ ਸ਼ਹਿਰ ਦੇ ਲੋਕ ਸੜਕਾਂ ’ਤੇ ਆ ਗਏ । ਬੀਤੀ ਸ਼ਾਮ ਵੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਕੇ ਜਿੱਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਉੱਥੇ ਉਨ੍ਹਾਂ ਨਾਲ ਹੀ ਸ਼ਹਿਰ ਵਿਚ ਰਹਿ ਰਹੇ ਸਮੂਹ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਅਤੇ ਪਛਾਣ ਕਰਨ ਦੀ ਵੀ ਮੰਗ ਕੀਤੀ।

ਅੱਜ ਹੋਇਆ ਪੋਸਟਮਾਰਟ

ਮ੍ਰਿਤਕ ਹਰਵੀਰ ਦਾ ਅੱਜ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕੀਤਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਵੀ ਆ ਗਏ। ਲੋਕਾਂ ਦਾ ਰੋਹ ਪੂਰੇ ਆਸਮਾਨ ’ਤੇ ਸੀ। ਹਾਲਾਂਕਿ ਪੁਲਿਸ ਨੇ ਵੀ ਅਣਸੁਖ਼ਾਵੀ ਘਟਨਾ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧਕ ਕੀਤੇ ਹੋਏ ਸਨ। ਦੋ ਘੰਟੇ ਚੱਲੇ ਪੋਸਟਮਾਰਟਮ ਤੋਂ ਬਾਅਦ ਲੋਕਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਲੋਕਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ।

ਪਾਪਾ ਨਾ ਰੋਵੋ, ਅੱਖਾਂ ਸਾਫ਼ ਕਰ ਲਓ

ਪੋਸਟਮਾਰਟਮ ਦੌਰਾਨ ਮਾਹੌਲ ਉਸ ਸਮੇਂ ਪੂਰੀ ਤਰਾਂ ਨਾਲ ਗਮਗੀਨ ਹੋ ਗਿਆ ਜਦੋਂ ਪੋਸਟਮਾਰਟਮ ਦੇ ਖ਼ਤਮ ਹੋਣ ਦਾ ਇੰਤਜ਼ਾਰ ਰਹੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੌਰਾਨ ਬੱਚੇ ਦਾ ਪਿਤਾ, ਮਾਤਾ ਅਤੇ ਹੋਰ ਲੋਕ ਫ਼ੁੱਟ ਫ਼ੁੱਟ ਕੇ ਰੋ ਰਹੇ ਸਨ। ਹਰ ਅੱਖ ਉਸ ਵੇਲੇ ਨਮ ਹੋ ਗਈ ਜਦੋਂ ਮ੍ਰਿਤਕ ਹਰਵੀਰ ਦੀ ਵੱਡੀ ਸੱਤ ਸਾਲਾ ਭੈਣ ਜੈਸਮੀਨ ਨੇ ਆਪਣੇ ਰੋਂਦੇ ਹੋਏ ਪਿਤਾ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ ਕਿ ਕਿ ਪਾਪਾ ਨਾ ਰੋਵੋ, ਅੱਖਾਂ ਸਾਫ਼ ਕਰ ਲਓ। ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿ ਵਾਰ ਦੋਸ਼ੀ ਨੂੰ ਉਸ ਦੇ ਸਾਹਮਣੇ ਲੈ ਆਉਣ। ਉਹ ਸਿਰਫ਼ ਆਪਣੇ ਬੱਚੇ ਦਾ ਕਸੂਰ ਪੁੱਛਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਆਪਣੇ ਅਤੇ ਆਪਣੇ ਬੱਚੇ ਦੇ ਚੰਗੇ ਭਵਿੱਖ਼ ਲਈ ਉਹ ਸ਼ਹਿਰ ਬਦਲ ਕੇ ਇੱਥੇ ਆਏ ਸਨ ਪਰੰਤੂ ਹੁਣ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ।

ਕੀ ਕਹਿੰਦੇ ਹਨ ਡੀ ਐਸ ਪੀ

ਮੌਕੇ ’ਤੇ ਮੌਜੂਦ ਡੀਐੱਸਪੀ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਉਹ ਇਸ ਕੇਸ ਦਾ ਦਸ ਦਿਨ੍ਹਾਂ ਅੰਦਰ ਚਲਾਨ ਪੇਸ਼ ਕਰਕੇ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿਚ ਭੇਜਿਆ ਜਾਵੇਗਾ ਤਾਂ ਜੋ ਦੋਸ਼ੀ ਨੂੰ ਜਲਦ ਹੀ ਸਜ਼ਾ ਦਿਲਾਈ ਜਾ ਸਕੇ।