ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਖੇ 73 ਸਾਲਾ ਬਜ਼ੁਰਗ ਹਰਜੀਤ ਕੌਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲਿਆ ਹੋਇਆ ਹੈ, ICE ਮੁਤਾਬਕ ਬਜ਼ੁਰਗ ਹਰਜੀਤ ਕੌਰ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਸੀ। ਸਥਾਨਕ ਭਾਈਚਾਰੇ ਵਲੋਂ ਹਰਜੀਤ ਕੌਰ ਦੇ ਸਮਰਥਨ ਵਿੱਚ ਇਕੱਠ ਕੀਤਾ ਗਿਆ ਹੈ ਅਤੇ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ।
ਸਥਾਨਕ ਲੋਕਾਂ ਅਤੇ ਵਕੀਲਾਂ ਵੱਲੋਂ ਬਜ਼ੁਰਗ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕਰਦਿਆਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ “ਉਹ ਅਪਰਾਧੀ ਨਹੀਂ, ਸਗੋਂ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿਖੇ ਰਹਿ ਰਹੀ ਹੈ ਅਤੇ ਕਾਨੂੰਨ ਦੀ ਪਾਲਣਾ ਕਰਦੀ ਰਹੀ ਹੈ।” ਭਾਈਚਾਰੇ ਦੇ ਮੈਂਬਰਾਂ ਨੇ ਹਰਜੀਤ ਕੌਰ ਦੀ ਸਿਹਤ ਅਤੇ ਉਮਰ ਨੂੰ ਧਿਆਨ ਵਿੱਚ ਰੱਖਦਿਆਂ, ਉਸ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਹਰਜੀਤ ਕੌਰ ਦੇ ਪਰਿਵਾਰ ਅਤੇ ਸਮਰੱਥਕਾਂ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ, ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਸ ਦਾ ਭਾਈਚਾਰੇ ਦੇ ਕੰਮਾਂ ਵਿੱਚ ਚੰਗਾ ਯੋਗਦਾਨ ਰਿਹਾ ਹੈ। ICE ਅਧਿਕਾਰੀਆਂ ਨੇ ਹਾਲੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਦੱਸਣਯੋਗ ਹੈ ਕਿ ਹਰਜੀਤ ਕੌਰ ਦਾ ਅਮਰੀਕਾ ਵਿੱਚ ਰਾਜਨੀਤਕ ਸ਼ਰਣ ਲੈਣ ਦਾ ਕੇਸ ਰੱਦ ਕਰ ਦਿੱਤਾ ਗਿਆ ਸੀ ਪਰ ਉਸਤੋਂ ਬਾਅਦ ਉਹ ਪਿਛਲੇ 13 ਸਾਲਾਂ ਤੋਂ ਵੱਧ ਸਮੇਂ ਤੋਂ ਹਰ ਛੇ ਮਹੀਨੇ ਬਾਅਦ ਲਗਾਤਾਰ ਸੁਰੱਖਿਆ ਅਧਿਕਾਰੀਆਂ ਅੱਗੇ ਪੇਸ਼ ਹੋਕੇ ਏਜੰਸੀਆਂ ਦੇ ਰਾਬਤੇ ਵਿੱਚ ਰਹਿ ਰਹੀ ਹੈ। ਹੁਣ ਅਮਰੀਕਾ ਵਿੱਚ ਬਦਲੇ ਹੋਏ ਰਾਜਨੀਤਿਕ ਸਮੀਕਰਣਾਂ ਕਾਰਨ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।














