Home » ਉਡਾਣ ਭਰਨ ਤੋਂ 20 ਮਿੰਟਾਂ ਬਾਅਦ ਜਹਾਜ਼ ਕਰੈਸ਼, ਦੋ ਪਾਇਲਟਾਂ ਦੀ ਮੌਤ
Home Page News India India News

ਉਡਾਣ ਭਰਨ ਤੋਂ 20 ਮਿੰਟਾਂ ਬਾਅਦ ਜਹਾਜ਼ ਕਰੈਸ਼, ਦੋ ਪਾਇਲਟਾਂ ਦੀ ਮੌਤ

Spread the news


ਗੰਗਾ ਨਦੀ ਦੇ ਨੇੜੇ ਵੀਰਵਾਰ ਸਵੇਰੇ ਚਾਰ ਸੀਟਾਂ ਵਾਲਾ ਟਰੇਨਿੰਗ ਜਹਾਜ਼ ਉਡਾਣ ਭਰਨ ਦੇ ਲਗਪਗ 20 ਮਿੰਟਾਂ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਉਸ ਵਿਚ ਸਵਾਰ ਟਰੇਨਰ ਪਾਇਲਟ ਕੈਪਟਨ ਸਚਿਨ ਭਾਟੀਆ ਅਤੇ ਟਰੇਨੀ ਪਾਇਲਟ ਅਭਿਸ਼ੇਕ ਪੁਜਾਰੀ ਦੀ ਮੌਤ ਹੋ ਗਈ। ਗੰਗਾ ਬੈਰਾਜ ਤੋਂ ਲਗਪਗ ਤਿੰਨ ਕਿੱਲੋਮੀਟਰ ਅੱਗੇ ਉਨਾਵ ਦੀ ਦਿਸ਼ਾ ਵਿਚ ਵਧਦੇ ਹੀ ਜਹਾਜ਼ ਅਸੰਤੁਲਿਤ ਹੋ ਕੇ ਹੇਠਾਂ ਆਉਣ ਲੱਗਾ। ਇਸ ਦੌਰਾਨ, ਇਹ ਅਮਰੂਦ ਦੇ ਬਾਗ ਦੀ ਲਗਪਗ ਪੰਜ ਫੁੱਟ ਉੱਚੀ ਕੰਧ ਨਾਲ ਟਕਰਾਉਂਦਿਆਂ ਹੇਠਾਂ ਡਿੱਗ ਗਿਆ ਅਤੇ ਦੋ ਵਾਰ ਪਲਟਣ ਤੋਂ ਬਾਅਦ ਚਕਨਾਚੂਰ ਹੋ ਗਿਆ। ਦੁਪਹਿਰ ਬਾਅਦ ਡੀਜੀਸੀਏ ਦੇ ਸਹਾਇਕ ਨਿਰਦੇਸ਼ਕ ਏਅਰ ਸੇਫਟੀ ਅਤਹਰ ਹੁਸੈਨ ਘਟਨਾ ਸਥਾਨ ’ਤੇ ਪਹੁੰਚੇ ਅਤੇ ਜਾਂਚ ਕੀਤੀ। ਪੁਲਿਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਡੀਜੀਸੀਏ ਦੀ ਟੀਮ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪਿਛਲੇ ਮਹੀਨੇ ਇਸੇ ਜਹਾਜ਼ ਤੋਂ ਉਤਰਦੇ ਸਮੇਂ ਇਕ ਮਹਿਲਾ ਟਰੇਨਰ ਜ਼ਖ਼ਮੀ ਹੋ ਗਈ ਸੀ।ਇਟਲੀ ਦੀ ਕੰਪਨੀ ਟੇਕਨਮ ਦੁਆਰਾ ਬਣਾਏ ਗਏ ਟਰੇਨਿੰਗ ਜਹਾਜ਼ (ਪੀ-2006ਟੀ) ਨੇ ਵੀਰਵਾਰ ਸਵੇਰੇ 11:30 ਵਜੇ ਕੈਂਟ ਸਥਿਤ ਗਰਗ ਏਵੀਏਸ਼ਨ ਦੇ ਸਿਖਲਾਈ ਕੇਂਦਰ ਤੋਂ ਉਡਾਣ ਭਰੀ। ਕੁਝ ਹੀ ਸਮੇਂ ਬਾਅਦ ਇਕ ਤੇਜ਼ ਧਮਾਕਾ ਹੋਇਆ ਅਤੇ ਧੂੰਏਂ ਦਾ ਗੁਬਾਰ ਛਾ ਗਿਆ। ਪੁਲਿਸ ਦੇ ਪਹੁੰਚਣ ’ਤੇ ਪਾਇਲਟ ਅਤੇ ਟਰੇਨਰ ਜਹਾਜ਼ ਦੇ ਅੰਦਰ ਫਸੇ ਹੋਏ ਸਨ। ਸੇਫਟੀ ਬੈਲਟ ਕੱਟ ਕੇ ਦੋਵਾਂ ਨੂੰ ਲਾਲਾ ਲਾਜਪਤ ਰਾਏ (ਐੱਲਐੱਲਆਰ) ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 45 ਸਾਲਾ ਕੈਪਟਨ ਸਚਿਨ ਭਾਟੀਆ ਗੁਜਰਾਤ ਦੇ ਵਡੋਦਰਾ ਅਤੇ 25 ਸਾਲਾ ਟਰੇਨੀ ਅਭਿਸ਼ੇਕ ਪੁਜਾਰੀ ਮਹਾਰਾਸ਼ਟਰ ਦੇ ਪਨਵੈਲ ਦੇ ਵਾਸੀ ਸਨ। ਭਾਟੀਆ ਕੋਲ ਤਿੰਨ ਹਜ਼ਾਰ ਘੰਟੇ ਦਾ ਉਡਾਣ ਅਨੁਭਵ ਸੀ, ਜਦਕਿ ਟਰੇਨੀ ਅਭਿਸ਼ੇਕ ਨੇ 190 ਘੰਟੇ ਦੀ ਸਿਖਲਾਈ ਪੂਰੀ ਕਰ ਲਈ ਸੀ। ਉਨ੍ਹਾਂ ਦੀ ਸਿਰਫ਼ ਦਸ ਘੰਟਿਆਂ ਦੀ ਸਿਖਲਾਈ ਬਾਕੀ ਰਹਿ ਗਈ ਸੀ। ਜਹਾਜ਼ ਵਿਚ ਦੋ ਇੰਜਨ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਦੋਹਾਂ ਇੰਜਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਾਂ ਕਿਸੇ ਹੋਰ ਤਕਨੀਕੀ ਖ਼ਾਮੀ ਕਾਰਨ ਜਹਾਜ਼ ਹੇਠਾਂ ਡਿੱਗਿਆ। ਕੰਪਨੀ ਅਨੁਸਾਰ, ਸਿਖਲਾਈ ਦੇ ਆਖ਼ਰੀ ਪੜਾਅ ਵਿਚ ਜਹਾਜ਼ ਨੂੰ 10,000 ਫੁੱਟ ਉੱਚਾਈ ਤੱਕ ਉਡਾਇਆ ਜਾਂਦਾ ਹੈ। ਅਨੁਮਾਨ ਹੈ ਕਿ ਘਟਨਾ ਦੇ ਸਮੇਂ ਜਹਾਜ਼ 2000 ਫੁੱਟ ਉੱਚਾਈ ’ਤੇ ਸੀ।ਪੀਟੀਆਈ ਅਨੁਸਾਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਘਟਨਾ ਦੀ ਜਾਂਚ ਕਰੇਗਾ। ਡੀਜੀਸੀਏ ਦੇ ਤਿੰਨ ਅਧਿਕਾਰੀਆਂ ਦੀ ਇਕ ਟੀਮ ਜ਼ਰੂਰੀ ਨਿਯਮਤ ਨਿਗਰਾਨੀ ਅਤੇ ਤਾਲਮੇਲ ਲਈ ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗੀ। ਇਹ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਦੁਰਘਟਨਾ ਤਕਨੀਕੀ ਖ਼ਾਮੀ ਕਾਰਨ ਹੋਈ ਜਾਂ ਮਨੁੱਖੀ ਗ਼ਲਤੀ ਕਾਰਨ।