ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮਿਸ਼ਨ ਦੇ ਕੌਂਸਲਰ ਜਗਜੀਤ ਸਿੰਘ ‘ਜੈਗ’ ਗਿੱਲ ਨੂੰ ਸ਼ਹਿਰ ਦਾ ਅਗਲਾ ਮੇਅਰ ਐਲਾਨਿਆ ਗਿਆ ਹੈ। ਉਹ ਬਿਨਾਂ ਮੁਕਾਬਲਾ (ਅਕਲੇਮੇਸ਼ਨ) ਰਾਹੀਂ ਇਸ ਅਹੁਦੇ ਲਈ ਚੁਣੇ ਗਏ ਹਨ।
ਮਿਸ਼ਨ ਵਿੱਚ 17 ਅਕਤੂਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਲਈ ਮੇਅਰ ਦੇ ਅਹੁਦੇ ਉੱਤੇ ਦੋ ਉਮੀਦਵਾਰ ਸਨ – ਜੈਗ ਗਿੱਲ ਅਤੇ ਹਰਮਨ ਸਿੰਘ ‘ਕੈਨੀ’ ਬੜੈਚ। ਪਰ 18 ਸਤੰਬਰ ਨੂੰ ਕੈਨੀ ਬੜੈਚ ਵੱਲੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਗਈ। ਇਸ ਤੋਂ ਬਾਅਦ ਸ਼ਹਿਰ ਦੇ ਮੁੱਖ ਚੋਣ ਅਧਿਕਾਰੀ ਨੇ ਜੈਗ ਗਿੱਲ ਨੂੰ ਅਗਲਾ ਮੇਅਰ ਐਲਾਨ ਦਿੱਤਾ।
31 ਸਾਲਾ ਜੈਗ ਗਿੱਲ ਮਿਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਮੇਅਰ ਬਣਨ ਜਾ ਰਹੇ ਹਨ। ਉਹ 2018 ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ ਅਤੇ ਉਸ ਵੇਲੇ ਵੀ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਕੌਂਸਲਰ ਸਨ। ਪਿਛਲੀਆਂ ਦੋ ਮਿਊਂਸੀਪਲ ਚੋਣਾਂ ਵਿੱਚ ਉਨ੍ਹਾਂ ਨੇ ਕੌਂਸਲਰ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ।
ਜੈਗ ਗਿੱਲ ਮਿਸ਼ਨ ਵਿੱਚ ਹੀ ਪੈਦਾ ਹੋਏ ਅਤੇ ਵੱਡੇ ਹੋਏ ਹਨ। ਉਨ੍ਹਾਂ ਨੇ ਚੈਰੀ ਹਿੱਲ ਐਲੀਮੈਂਟਰੀ ਅਤੇ ਮਿਸ਼ਨ ਸੈਕੰਡਰੀ ਤੋਂ ਪੜ੍ਹਾਈ ਕੀਤੀ ਅਤੇ ਯੂਨੀਵਰਸਿਟੀ ਆਫ਼ ਦ ਫਰੇਜ਼ਰ ਵੈਲੀ ਤੋਂ ਬਿਜ਼ਨਸ ਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦਾ ਪਰਿਵਾਰ ਮਿਸ਼ਨ ਸਿਟੀ ਪੀਜ਼ਾ ਚਲਾਉਂਦਾ ਹੈ, ਜੋ ਉਨ੍ਹਾਂ ਨੇ ਹਾਈ ਸਕੂਲ ਵਿੱਚ ਹੀ ਸ਼ੁਰੂ ਕੀਤਾ ਸੀ।
ਪੰਜਾਬੀ ਭਾਈਚਾਰੇ ਲਈ ਇਹ ਖਾਸ ਮਾਣ ਦੀ ਗੱਲ ਹੈ। ਮਿਸ਼ਨ ਵਿੱਚ ਇਸ ਤੋਂ ਪਹਿਲਾਂ 1954 ਵਿੱਚ ਨਰੰਜਨ ਸਿੰਘ ਗਰੇਵਾਲ ਮੇਅਰ ਬਣੇ ਸਨ, ਜੋ ਕੈਨੇਡਾ ਵਿੱਚ ਕਿਸੇ ਵੀ ਸ਼ਹਿਰ ਦੇ ਪਹਿਲੇ ਪੰਜਾਬੀ ਮੇਅਰ ਮੰਨੇ ਜਾਂਦੇ ਹਨ। ਇਸ ਤਰ੍ਹਾਂ ਜੈਗ ਗਿੱਲ ਸ਼ਹਿਰ ਦੇ ਦੂਜੇ ਪੰਜਾਬੀ ਮੂਲ ਦੇ ਮੇਅਰ ਬਣਨ ਜਾ ਰਹੇ ਹਨ।














Add Comment