Home » ਅਮਰੀਕਾ ਦੇ ਪੰਜਾਬੀ ਮੁਏ ਥਾਈ ਫਾਈਟਰ ਪ੍ਰਭਜੋਤ ਸਿੰਘ ਮਾਨ ਦੀ ਮੌਤ, ਸਪੇਨ ‘ਚ ਟੂਰਨਾਮੈਂਟ ਦੌਰਾਨ ਲੱਗੀ ਸੀ ਗੰਭੀਰ ਸੱਟ…
Home Page News • India • India News • World

ਅਮਰੀਕਾ ਦੇ ਪੰਜਾਬੀ ਮੁਏ ਥਾਈ ਫਾਈਟਰ ਪ੍ਰਭਜੋਤ ਸਿੰਘ ਮਾਨ ਦੀ ਮੌਤ, ਸਪੇਨ ‘ਚ ਟੂਰਨਾਮੈਂਟ ਦੌਰਾਨ ਲੱਗੀ ਸੀ ਗੰਭੀਰ ਸੱਟ…

Spread the news

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਾਸੀ ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ ਦੀ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਇੱਕ ਅੰਤਰਰਾਸ਼ਟਰੀ ਮੁਏ ਥਾਈ (Muay Thai) ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਸਨ, ਜਿੱਥੇ 7 ਨਵੰਬਰ ਨੂੰ ਮੁਕਾਬਲੇ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ।
ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨੇੜਲੇ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੇ ਸਨ। ਪਰਿਵਾਰ ਅਤੇ ਦੋਸਤਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਆਖ਼ਰਕਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

ਪ੍ਰਭਜੋਤ ਸਿੰਘ ਮਾਨ ਸਿਰਫ਼ ਇੱਕ ਖਿਡਾਰੀ ਹੀ ਨਹੀਂ ਸਨ, ਸਗੋਂ ਅਮਰੀਕਾ ਦੀ ਸਿੱਖ ਅਤੇ ਪੰਜਾਬੀ ਕਮਿਊਨਿਟੀ ਵਿੱਚ ਵੀ ਸਰਗਰਮ ਸਨ। ਉਹ ਨੌਜਵਾਨਾਂ ਦੀ ਮਦਦ ਕਰਦੇ, ਉਨ੍ਹਾਂ ਨੂੰ ਮਾਰਗਦਰਸ਼ਨ ਦਿੰਦੇ ਅਤੇ ਰਵਾਇਤੀ ਭੰਗੜਾ ਵੀ ਸਿਖਾਉਂਦੇ ਰਹੇ ਸਨ। ਉਹ ਫਰਿਜ਼ਨੋ ਦੇ ਥ੍ਰੀ ਕਿੰਗਜ਼ ਮੁਏ ਥਾਈ ਜਿਮ ਵਿੱਚ ਸਿਖਲਾਈ ਲੈਂਦੇ ਸਨ ਅਤੇ ਉਨ੍ਹਾਂ ਦਾ ਐਮੇਚਿਓਰ ਰਿਕਾਰਡ 6 ਜਿੱਤਾਂ ਅਤੇ 1 ਹਾਰ ਦਾ ਸੀ। ਉਨ੍ਹਾਂ ਦੇ ਭਰਾ ਸੁਖਜੋਤ ਸਿੰਘ ਮਾਨ ਵੱਲੋਂ ਇਲਾਜ ਅਤੇ ਹੋਰ ਖਰਚਿਆਂ ਲਈ GoFundMe ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪੰਜਾਬੀ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਮਿਲਿਆ। ਮੁਹਿੰਮ ਵਿੱਚ 4 ਲੱਖ ਡਾਲਰ ਦੇ ਟੀਚੇ ਤੋਂ ਵੱਧ 4.40 ਲੱਖ ਡਾਲਰ ਇਕੱਠੇ ਹੋਣ ਦੀ ਰਿਪੋਰਟ ਹੈ। ਪ੍ਰਭਜੋਤ ਸਿੰਘ ਮਾਨ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ, ਦੋਸਤਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।