ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਚੀਨ ਭੇਜੀਆਂ ਗਈਆਂ ਸੈਂਕੜੇ ਮਾਡਲ 3 ਕਾਰਾਂ ਨੂੰ ਵਾਪਸ ਮੰਗਵਾਇਆ ਹੈ। ਰਿਪੋਰਟ ਮੁਤਾਬਕ, ਕੰਪਨੀ ਨੇ 700 ਮਾਡਲ 3 ਕਾਰਾਂ ਚੀਨ ’ਚ ਭੇਜੀਆਂ ਸਨ ਜਿਨ੍ਹਾਂ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ। ਇਨ੍ਹਾਂ ਕਾਰਾਂ ’ਚ ਬ੍ਰੇਕ ਫੇਲ੍ਹ ਹੋਣ ਦੀ ਸਮੱਸਿਆ ਸਾਹਮਣੇ ਆਈ ਹੈ ਜਿਸ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਗਾਹਕਾਂ ਦੁਆਰਾ ਸ਼ਿਕਾਇਤਾਂ ਅਤੇ ਮੀਡੀਆ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਚੀਨ ’ਚ ਰੈਗੂਲੇਟਰ ਵਲੋਂ ਕੰਪਨੀ ’ਤੇ ਸਖ਼ਤੀ ਵਧਾਈ ਗਈ ਹੈ। ਪਿਛਲੇ ਕੁਝ ਮਹੀਨਿਆਂ ’ਚ ਕੰਪਨੀ ਚੀਨ ਤੋਂ ਹਜ਼ਾਰਾਂ ਕਾਰਾਂ ਵਾਪਸ ਮੰਗਵਾ ਚੁੱਕੀ ਹੈ। ਰਿਪੋਰਟ ਮੁਤਾਬਕ, ਜਿਨ੍ਹਾਂ ਕਾਰਾਂ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ ਇਨ੍ਹਾਂ ਸਾਰੀਆਂ ਕਾਰਾਂ ਨੂੰ ਸਾਲ 2019 ’ਚ ਬਣਾਇਆ ਗਿਆ ਹੈ। ਇਨ੍ਹਾਂ ਕਾਰਾਂ ’ਚ ਬ੍ਰੇਕ ਫੇਲ੍ਹ ਹੋਣ ਦੀ ਸਮੱਸਿਆ ਤੋਂ ਇਲਾਵਾ ਸੀਟ ਬੈਲਟ ’ਚ ਸਮੱਸਿਆ ਆ ਰਹੀ ਹੈ ਜਿਸ ਕਾਰਨ ਕਾਰ ਦੇ ਕਿਤੇ ਟਕਰਾਉਣ ਨਾਲ ਚਾਲਕ ਜਾਂ ਪਸੰਜਰ ਦੇ ਸੱਟ ਲੱਗਣ ਦਾ ਖ਼ਤਰਾ ਵਧ ਸਕਦਾ ਹੈ। ਕੰਪਨੀ ਵਲੋਂ ਇਨ੍ਹਾਂ ਕਾਰਾਂ ਦੇ ਮਾਲਿਕਾਂ ਨੂੰ ਸੂਚਨਾ ਦੇਣ ਤੋਂ ਬਾਅਦ ਮੁਫ਼ਤ ’ਚ ਜਾਂਚ ਅਤੇ ਰਿਪੇਅਰ ਕੀਤੀ ਜਾਵੇਗੀ।
ਅਮਰੀਕੀ ਸਟਾਕ ਐਕਸਚੇਂਜ ’ਚ ਬੁੱਧਵਾਰ ਨੂੰ ਟੈਸਲਾ ਦੇ ਸ਼ੇਅਰਾਂ ’ਤੇ ਵੀ ਇਸ ਦਾ ਅਸਰ ਪਿਆ ਹੈ ਅਤੇ ਇਸ ਵਿਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ, ਇਸ ਬਾਰੇ ਅਜੇ ਟੈਸਲਾ ਦੇ ਬੁਲਾਰੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।