ਗਲਾਸਗੋ : ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਅਨੁਸਾਰ ਸਿਸਟਮ ਦੀ ਖਰਾਬੀ ਕਾਰਨ ਲੋਕਾਂ ਨੂੰ ਅੱਠ ਹਫ਼ਤਿਆਂ ਤੋਂ ਪਹਿਲਾਂ ਟੀਕੇ ਲਈ ਬੁਲਾਇਆ ਗਿਆ ਹੈ। ਇਸ ਲਈ ਸਰਕਾਰ ਪ੍ਰਭਾਵਿਤ ਲੋਕਾਂ ਤੋਂ ਮੁਆਫ਼ੀ ਮੰਗਦੀ ਹੈ ਅਤੇ ਐੱਨ ਐੱਚ ਐੱਸ ਬੋਰਡ ਉਨ੍ਹਾਂ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਵਿੱਚ ਹਨ ਤਾਂ ਕਿ ਉਨ੍ਹਾਂ ਨੂੰ ਨਵੀਂ ਮੁਲਾਕਾਤ ਦਾ ਸਮਾਂ ਦਿੱਤਾ ਜਾ ਸਕੇ। ਸਰਕਾਰ ਦੁਆਰਾ ਦੂਜੀ ਖੁਰਾਕ ਲਈ ਅੱਠ ਹਫ਼ਤਿਆਂ ਤੋਂ ਪਹਿਲਾਂ ਸੱਦਾ ਮਿਲਣ ਵਾਲੇ ਲੋਕਾਂ ਨੂੰ ਟੀਕਾ ਨਾ ਲਗਵਾਉਣ ਦੀ ਅਪੀਲ ਕੀਤੀ ਹੈ।
ਸਕਾਟਲੈਂਡ ਦੇ ਸਿਹਤ ਵਿਭਾਗ ਵਿੱਚ ਤਕਨੀਕੀ ਖਰਾਬੀ ਕਾਰਨ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਲਗਵਾਉਣ ਲਈ ਲੱਗਭਗ 8000 ਮੁਲਾਕਾਤਾਂ ਜਲਦੀ ਜਾਰੀ ਹੋ ਗਈਆਂ ਹਨ। ਸਕਾਟਲੈਂਡ ਦੀ ਸਰਕਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਟੀਕਾਕਰਨ ਦੀ ਜੁਆਇੰਟ ਕਮੇਟੀ ਦੁਆਰਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵਿਚਲੇ ਸਿਫਾਰਿਸ਼ ਕੀਤੇ ਅੱਠ ਹਫ਼ਤਿਆਂ ਦੀ ਮਿਆਦ ਤੋਂ ਪਹਿਲਾਂ ਇਹ ਮੁਲਾਕਾਤਾਂ ਜਾਰੀ ਹੋਈਆਂ ਹਨ। ਪ੍ਰਸ਼ਾਸਨ ਦੁਆਰਾ ਇਸਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਵੈਕਸੀਨ ਲਗਵਾਉਣ ਲਈ ਹੈਲਪਲਾਈਨ ਨੂੰ ਕਾਲ ਕਰਕੇ ਜਾਂ ਐੱਨ ਐੱਚ ਐੱਸ ਕੋਲ ਜਾ ਕੇ ਵੈਕਸੀਨ ਮੁਲਾਕਾਤ ਨੂੰ ਦੁਬਾਰਾ ਲਿਆ ਜਾ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ ਅੱਠ ਹਫ਼ਤਿਆਂ ਤੋਂ ਪਹਿਲਾਂ ਟੀਕਾ ਲਗਵਾਉਣ ਨਾਲ ਕੋਈ ਸਿਹਤ ਸਮੱਸਿਆ ਨਹੀਂ ਹੁੰਦੀ ਹੈ ਪਰ ਇਹ ਸਿਫਾਰਿਸ਼ ਕੀਤਾ ਅੰਤਰਾਲ ਸਮਾਂ ਹੈ ਜਿਸ ਨਾਲ ਟੀਕੇ ਦੀ ਕਾਰਜ ਕੁਸ਼ਲਤਾ ਅਤੇ ਸੁਰੱਖਿਆ ਦਾ ਪੱਧਰ ਵੱਧਦਾ ਹੈ।