
ਸਾਊਥੈਂਪਟਨ : ਭਾਰਤ ਅਤੇ ਨਿਊਜ਼ੀਲੈਂਡ ਦੌਰਾਨ ਚੱਲ ਰਹੇ ਟੈਸਟ ਮੈਚ ‘ਚ ਵੱਡਾ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਮੁਹੰਮਦ ਸ਼ਮੀ ਦੀ ਬਿਹਤਰੀਨ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੇ ਬਾਰਿਸ਼ ਨਾਲ ਪ੍ਰਭਾਵਿਤ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ ਪਰ ਇਸ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਦੇ ਆਧਾਰ ‘ਤੇ 32 ਦੌੜਾਂ ਦੀ ਬੜ੍ਹਤ ਲੈਣ ਵਿਚ ਕਾਮਯਾਬ ਰਹੀ। ਭਾਰਤ ਦੀਆਂ 217 ਦੌੜਾਂ ਦੇ ਜਵਾਬ ਵਿਚ ਕੀਵੀ ਟੀਮ ਕਪਤਾਨ ਕੇਨ ਵਿਲੀਅਮਸਨ ਦੀਆਂ 49 ਦੌੜਾਂ ਦੀ ਮਦਦ ਨਾਲ 249 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਕੀਵੀ ਟੀਮ ਦੇ ਆਲ ਆਊਟ ਹੁੰਦੇ ਹੀ ਚਾਹ ਦੇ ਸਮੇਂ ਦਾ ਐਲਾਨ ਕਰ ਦਿੱਤਾ ਗਿਆ। ਸ਼ਮੀ ਨੇ 76 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਸ਼ਮੀ ਨੇ ਸੀਮ ਦਾ ਚੰਗਾ ਇਸਤੇਮਾਲ ਕਰ ਕੇ ਆਪਣੀਆਂ ਫੁਲ ਲੈਂਥ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਉਥੇ ਇਸ਼ਾਂਤ ਸ਼ਰਮਾ (3/48) ਨੇ ਵੀ ਆਪਣੇ ਦੂਜੇ ਸਪੈੱਲ ਵਿਚ ਚੰਗੀ ਗੇਂਦਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਇਆ। ਆਫ ਸਪਿੰਨਰ ਰਵੀਚੰਦਰਨ ਅਸ਼ਵਿਨ (2/28) ਤੇ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ (1/20) ਨੇ ਆਪਸ ਵਿਚ ਤਿੰਨ ਵਿਕਟਾਂ ਵੰਡੀਆਂ। ਦੂਜੇ ਪਾਸੇ ਕੀਵੀ ਬੱਲੇਬਾਜ਼ਾਂ ਦਾ ਬਹੁਤ ਰੱਖਿਆਤਮਕ ਵਤੀਰਾ ਉਨ੍ਹਾਂ ‘ਤੇ ਭਾਰੀ ਪਿਆ। ਕਪਤਾਨ ਕੇਨ ਵਿਲੀਅਮਸਨ ਨੇ 177 ਗੇਂਦਾਂ ਖੇਡੀਆਂ ਤੇ ਛੇ ਚੌਕੇ ਲਾਏ। ਹੇਠਲੇ ਨੰਬਰ ਵਿਚ ਕਾਇਲ ਜੇਮੀਸਨ (21 ਦੌੜਾਂ, 16 ਗੇਂਦਾਂ) ਤੇ ਟਿਮ ਸਾਊਥੀ (30) ਦੀਆਂ ਪਾਰੀਆਂ ਦੀ ਮਦਦ ਨਾਲ ਕੀਵੀ ਟੀਮ ਬੜ੍ਹਤ ਬਣਾਉਮ ਵਿਚ ਕਾਮਯਾਬ ਹੋਈ। ਪਹਿਲੇ ਸੈਸ਼ਨ ਵਿਚ ਹਾਲਾਂਕਿ ਜਸਪ੍ਰਰੀਤ ਬੁਮਰਾਹ (0/57) ਨੇ ਨਿਰਾਸ਼ ਕੀਤਾ ਜਿਨ੍ਹਾਂ ਨੇ ਬਹੁਤ ਸ਼ਾਰਟ ਪਿੱਚ ਤੇ ਆਫ ਸਟੰਪ ਤੋਂ ਬਹੁਤ ਵੱਧ ਬਾਹਰ ਗੇਂਦਬਾਜ਼ੀ ਕੀਤੀ ਪਰ ਜਿਵੇਂ ਹੀ ਵਿਰਾਟ ਕੋਹਲੀ ਨੇ ਬੁਮਰਾਹ ਦੀ ਥਾਂ ਸ਼ਮੀ ਨੂੰ ਗੇਂਦ ਦਿੱਤੀ ਤਾਂ ਚੀਜ਼ਾਂ ਇਕਦਮ ਬਦਲ ਗਈਆਂ।